The Khalas Tv Blog Punjab ਅਕਾਲੀ ਦਲ ਦੀ ਕਿਸਾਨਾਂ ਨੂੰ ਨਸੀਹਤ, ਕਿਸਾਨੀ ਸੰਘਰਸ਼ ਨੂੰ ਨਾ ਬਣਾਉ ਰਾਜਨੀਤਿਕ ਅਖਾੜਾ
Punjab

ਅਕਾਲੀ ਦਲ ਦੀ ਕਿਸਾਨਾਂ ਨੂੰ ਨਸੀਹਤ, ਕਿਸਾਨੀ ਸੰਘਰਸ਼ ਨੂੰ ਨਾ ਬਣਾਉ ਰਾਜਨੀਤਿਕ ਅਖਾੜਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਅਸੀਂ ਕਿਸੇ ਦਾ ਜਨਮ ਦਿਨ ਮਨਾਉਂਦੇ ਹਾਂ, ਅਸੀਂ ਵਰ੍ਹੇਗੰਢ ਮਨਾਉਂਦੇ ਹਾਂ ਤਾਂ ਜੇ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਦਾ ਇੱਕ ਸਾਲ ਪੂਰਾ ਹੋਣ ‘ਤੇ ਕਾਲਾ ਦਿਵਸ ਮਨਾ ਲਿਆ ਤਾਂ ਉਸ ਵਿੱਚ ਕੋਈ ਮਾੜਾ ਨਹੀਂ ਕੀਤਾ। ਸਾਡੇ ਇਸ ਕਦਮ ਦੇ ਨਾਲ ਕਿਸਾਨੀ ਅੰਦੋਲਨ ਨੂੰ ਹੁੰਗਾਰਾ ਹੀ ਮਿਲਿਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਕਿਸਾਨ ਲੀਡਰ ਸਾਡੀ ਭਾਵਨਾ ਦੀ ਕਦਰ ਕਰਨਗੇ।

ਸ਼੍ਰੋਮਣੀ ਅਕਾਲੀ ਦਲ ਪ੍ਰੈੱਸ ਕਾਨਫਰੰਸ ਕਰਨ ਮੌਕੇ

ਅਸੀਂ ਤਾਂ ਚਾਰ ਦਿਨ ਬਾਅਦ ਕਿਸਾਨਾਂ ਦੇ ਨਾਲ ਹੋਈ ਬਦਸਲੂਕੀ ਦੀ ਗੱਲ ਮੀਡੀਆ ਸਾਹਮਣੇ ਰੱਖੀ ਹੈ, ਅਸੀਂ ਤਾਂ ਕੋਈ ਵੀਡੀਓ ਵਾਇਰਲ ਹੀ ਨਹੀਂ ਕੀਤੀ, ਵੀਡੀਓ ਤਾਂ ਪਹਿਲਾਂ ਤੋਂ ਹੀ ਵਾਇਰਲ ਹੋ ਗਈਆਂ ਹਨ, ਸਾਡੇ ‘ਤੇ ਵੀਡੀਓ ਵਾਇਰਲ ਕਰਨ ਦਾ ਝੂਠਾ ਇਲਜ਼ਾਮ ਲਾਇਆ ਜਾ ਰਿਹਾ ਹੈ। ਸਾਰੇ ਕਿਸਾਨ ਲੀਡਰਾਂ ਨੂੰ ਸ਼ਰਾਰਤੀ ਅਨਸਰਾਂ ਦਾ ਨੋਟਿਸ ਲੈਣਾ ਚਾਹੀਦਾ ਹੈ।

ਦਿੱਲੀ ਦੀਆਂ ਸਰਹੱਦਾਂ ‘ਤੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਕਿਸਾਨ

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੁਣ ਤਾਂ ਇੰਜ ਲੱਗਣ ਲੱਗਾ ਹੈ ਕਿ ਇਹ ਅੰਦੋਲਨ ਖੇਤੀ ਕਾਨੂੰਨਾਂ ਦੇ ਖਿਲਾਫ ਨਾ ਹੋ ਕੇ ਰਾਜਨੀਤਿਕ ਪਾਰਟੀਆਂ ਦੇ ਖਿਲਾਫ ਲੱਗਣ ਲੱਗ ਪਿਆ ਹੈ। ਚੀਮਾ ਨੇ ਰਾਜੇਵਾਲ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਰਾਜੇਵਾਲ ਵੱਲੋਂ ਵਾਰ-ਵਾਰ ਵਿਆਖਿਆ ਦਿੱਤੀ ਜਾਂਦੀ ਹੈ ਕਿ ਲੋਕ ਕਿਸਾਨਾਂ ਨੂੰ ਘੇਰ ਰਹੇ ਹਨ, ਇਹ ਵਿਆਖਿਆ ਅਕਾਲੀ ਦਲ ਦੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਵੱਲੋਂ ਅਕਾਲੀ ਦਲ ਦੇ ਖਿਲਾਫ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਬੁਲਾਰਾ ਡਾ.ਦਲਜੀਤ ਸਿੰਘ ਚੀਮਾ

ਚੀਮਾ ਨੇ ਕਿਹਾ ਕਿ 16 ਸਤੰਬਰ ਨੂੰ ਜਿਨ੍ਹਾਂ ਕਿਸਾਨਾਂ ਨੂੰ ਘੇਰਿਆ ਗਿਆ, ਉਸਨੂੰ ਕਿਸਾਨਾਂ ਵੱਲੋਂ ਅਕਾਲੀਆਂ ਨੂੰ ਘੇਰਨ ਵਜੋਂ ਦਰਸਾਇਆ ਜਾ ਰਿਹਾ ਹੈ ਜੋ ਕਿ ਇੱਕ ਕ੍ਰਿਮੀਨਲ ਕੇਸ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਕਿਸਾਨ ਲੀਡਰਾਂ ਨੂੰ ਖੇਤੀ ਕਾਨੂੰਨਾਂ ਵੱਲ ਕੇਂਦਰਿਤ ਹੋ ਕੇ ਹੀ ਅੰਦੋਲਨ ਲੜਨਾ ਚਾਹੀਦਾ ਹੈ, ਉਨ੍ਹਾਂ ਨੂੰ ਆਪਣਾ ਧਿਆਨ ਰਾਜਨੀਤਿਕ ਪਾਰਟੀਆਂ ਦੇ ਵਿਰੋਧ ਵੱਲ ਨਹੀਂ ਖੜ੍ਹਨਾ ਚਾਹੀਦਾ। ਅਸੀਂ ਚਾਹੁੰਦੇ ਹਾਂ ਕਿ ਕਿਸਾਨੀ ਅੰਦੋਲਨ ਸਫ਼ਲ ਹੋਵੇ। ਕਿਸਾਨੀ ਸੰਘਰਸ਼ ਨੂੰ ਰਾਜਨੀਤਿਕ ਅਖਾੜਾ ਨਹੀਂ ਬਣਾਉਣਾ ਚਾਹੀਦਾ।

Exit mobile version