‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਿਛਲੇ ਦਿਨੀਂ ਭੋਆ ਦੇ ਵਿਧਾਇਕ ਜੋਗਿੰਦਰਪਾਲ ਵੱਲੋਂ ਇੱਕ ਸਮਾਗਮ ਵਿੱਚ ਇੱਕ ਵਿਅਕਤੀ ਵੱਲੋਂ ਤੂੰ ਕੀ ਕੀਤਾ ਕਹਿਣ ‘ਤੇ ਉਸ ਵਿਅਕਤੀ ਦੇ ਥੱਪੜ ਮਾਰਨ ਦਾ ਮਾਮਲਾ ਗਰਮਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਘਟਨਾ ਨੂੰ ਆਧਾਰ ਬਣਾ ਕੇ ਕਾਂਗਰਸ ਸਰਕਾਰ ਦੇ ਖਿਲਾਫ ‘ਤੂੰ ਕੀ ਕੀਤਾ’ ਮੁਹਿੰਮ ਚਲਾਈ ਹੈ। ਅਕਾਲੀ ਆਗੂ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਵਿਧਾਇਕ ਜੋਗਿੰਦਰਪਾਲ ਦੇ ਖਿਲਾਫ ਦੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਮੰਨਿਆ ਕਿ ਵਿਧਾਇਕ ਦੇ ਖਿਲਾਫ ਕਾਰਵਾਈ ਕਰਨ ਦਾ ਅਧਿਕਾਰ ਮੁੱਖ ਮੰਤਰੀ ਪੰਜਾਬ ਦੇ ਕੋਲ ਹੈ।
ਟੀਨੂੰ ਨੇ ਕਿਹਾ ਕਿ ਇਹ ਵੇਖ ਕੇ ਹੈਰਾਨੀ ਹੋਈ ਹੈ ਕਿ ਕਿਵੇਂ ਕਾਂਗਰਸੀ ਵਿਧਾਇਕ ਨੇ ਸਮਰਾਲਾ ਪਿੰਡ ਦੇ ਐੱਸਸੀ ਨੌਜਵਾਨ ਵੱਲੋਂ ਨੌਕਰੀ ਮੰਗਣ ’ਤੇ ਉਸ ’ਤੇ ਹਮਲਾ ਕਰ ਦਿੱਤਾ। ਉਹਨਾਂ ਕਿਹਾ ਕਿ ਕਾਂਗਰਸੀ ਵਿਧਾਇਕ ਦਾ ਵਤੀਰਾ ਹੋਰ ਵੀ ਹੈਰਾਨੀਜਨਕ ਇਸ ਕਰ ਕੇ ਵੀ ਹੈ ਕਿਉਂਕਿ ਹੁਣ ਕਾਂਗਰਸੀ ਆਗੂਆਂ ਖਾਸ ਤੌਰ ’ਤੇ ਕਾਂਗਰਸੀ ਵਿਧਾਇਕ ਲੋਕਾਂ ਵੱਲੋਂ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਵੱਡੇ-ਵੱਡੇ ਤੇ ਝੂਠੇ ਵਾਅਦਿਆਂ ਨੂੰ ਲਾਗੂ ਨਾ ਕਰਨ ਦਾ ਜਵਾਬ ਮੰਗਣ ’ਤੇ ਉਹਨਾਂ ’ਤੇ ਹਮਲੇ ਕਰਨ ਲੱਗ ਪਏ ਹਨ।
ਟੀਨੂੰ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਘਟਨਾ ਦਾ ਨੋਟਿਸ ਲੈਣ ਲਈ ਕਿਹਾ ਅਤੇ ਦਲਿਤ ਭਾਈਚਾਰੇ ਨੂੰ ਦਬਾਉਣ ਦਾ ਯਤਨ ਕਰਨ ਵਾਲੇ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਵਿਰੁੱਧ ਤੁਰੰਤ ਕੇਸ ਦਰਜ ਕਰ ਕੇ ਉਸਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਅਜਿਹਾ ਵਿਵਹਾਰ ਇੱਕ ਸੱਭਿਅਕ ਸਮਾਜ ਵਿੱਚ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਤੇ ਵਿਧਾਇਕ ਜੋਗਿੰਦਰਪਾਲ ਨੂੰ ਲੋਕਾਂ ਦੇ ਆਗੂਆਂ ਦੇ ਰਵੱਈਏ ਦੀ ਲੀਹ ਟੱਪਣ ਲਈ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਟੀਨੂੰ ਨੇ ਕਿਹਾ ਕ ਨੌਜਵਾਨ ਜੋ ਆਪਣਾ ਹੱਕ ਮੰਗ ਰਿਹਾ ਸੀ, ’ਤੇ ਇਸ ਤਰੀਕੇ ਦਾ ਨਿਰਦਈ ਤਰੀਕੇ ਨਾਲ ਹਮਲਾ ਸੱਭਿਅਕ ਸਮਾਜ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜੋਗਿੰਦਰਪਾਲ ਦੀ ਤੁਰੰਤ ਗ੍ਰਿਫਤਾਰੀ ਦੇ ਨਾਲ ਇਹ ਸਾਬਤ ਕਰਨਾ ਪਵੇਗਾ ਕਿ ਉਹ ਐਸਸੀ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਵਾਸਤੇ ਤਿਆਰ ਹਨ।
ਉਹਨਾਂ ਕਿਹਾ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਅਕਾਲੀ ਦਲ ਦੇ ਆਗੂ ਤੇ ਵਰਕਰ ਜੋਗਿੰਦਰਪਾਲ ਦਾ ਘਿਰਾਓ ਕਰਨਗੇ ਅਤੇ ਉਸਨੂੰ ਐੱਸਸੀ ਨੌਜਵਾਨ ਦਾ ਅਪਮਾਨ ਕਰਨ ਦਾ ਹਿਸਾਬ ਲੈਣਗੇ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਵੀ ਜ਼ਰੂਰੀ ਹੈ ਕਿਉਂਕਿ ਇਸ ਨਾਲ ਸਪੱਸ਼ਟ ਸੰਕੇਤ ਜਾਵੇਗਾ ਕਿ ਨੌਜਵਾਨਾਂ ਖਿਲਾਫ ਧੱਕੇਸ਼ਾਹੀ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਹੱਕ ਮੰਗਣ ਵਾਲੇ ਨੌਜਵਾਨਾਂ ’ਤੇ ਹਮਲੇ ਕਰਨ ਦੀ ਥਾਂ ਉਹਨਾਂ ਨਾਲ ਕੀਤੇ ਵਾਅਦੇ ਪੂਰੇ ਕਰੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇੱਕ ਸਮਾਂ ਹੱਦ ਤੈਅ ਕਰਨ, ਜਿਸ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਸਾਰੇ ਵਾਅਦੇ ਪੂਰੇ ਕੀਤੇ ਜਾਣ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ‘ਤੇ ਟਵੀਟ ਵੀ ਕੀਤਾ ਕਿ ਭੋਆ ਦੇ ਵਿਧਾਇਕ ਨੇ ਸ਼ਖਸ ਨੂੰ ਇਸ ਲਈ ਥੱਪੜ ਮਾਰਿਆ ਕਿਉਂਕਿ ਉਹ ਪੁੱਛ ਰਿਹਾ ਸੀ ਕਿ ‘ਤੂੰ ਕੀ ਕੀਤਾ ?’ ਮੈਂ ਉਸਦੇ ਨਾਲ ਖੜਾ ਹਾਂ ਅਤੇ ਸੀਐੱਮ ਚੰਨੀ ਅਤੇ ਪੰਜਾਬ ਕਾਂਗਰਸ ਤੋਂ ਪੁੱਛਦਾ ਹਾਂ ਕਿ ਕੀ ਤੁਸੀਂ 2017 ਵਿੱਚ ਕੀਤੇ ਵਾਅਦੇ ਪੂਰੇ ਕਰ ਦਿੱਤੇ ? 5 ਸਾਲਾਂ ਵਿੱਚ ਤੁਸੀਂ ਪੰਜਾਬ ਲਈ ਕੀ ਕੀਤਾ – ਮੈਂ ਪੁੱਛਦਾ ਹਾਂ #ਤੂੰ ਕੀ ਕੀਤਾ ?
ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਵੀ ਇਸ ਘਟਨਾ ‘ਤੇ ਟਵੀਟ ਕਰਦਿਆਂ ਲਿਖਿਆ ਕਿ ‘ਅਜਿਹਾ ਵਿਵਹਾਰ ਸੱਭਿਅਕ ਅਤੇ ਲੋਕਤੰਤਰੀ ਸਮਾਜ ਵਿੱਚ ਸਵੀਕਾਰ ਕਰਨ ਯੋਗ ਨਹੀਂ ਹਨ। ਕਾਂਗਰਸ ਦੇ ਵਾਅਦੇ ਮੁਤਾਬਕ ਨੌਕਰੀ ਦੀ ਮੰਗ ਕਰ ਰਹੇ ਐੱਸਸੀ ਨੌਜਵਾਨ ‘ਤੇ ਹਮਲਾ ਕਰਨ ਵਾਲੇ ਵਿਧਾਇਕ ਜੋਗਿੰਦਰਪਾਲ ਖਿਲਾਫ ਕੇਸ ਦਰਜ ਕਰਕੇ ਗ੍ਰਿਫਤਾਰੀ ਕੀਤੀ ਜਾਵੇ। ਜੇ ਮੁੱਖ ਮੰਤਰੀ ਕਾਰਵਾਈ ਦੇ ਆਦੇਸ਼ ਨਹੀਂ ਦਿੰਦੇ ਤਾਂ ਅਕਾਲੀ ਦਲ ਜੋਗਿੰਦਰਪਾਲ ਦਾ ਘਿਰਾਉ ਕਰੇਗਾ।’
ਦਰਅਸਲ, ਜੋਗਿੰਦਰਪਾਲ ਸਿੰਘ ਪਿੰਡ ਸਮਰਾਲਾ ਵਿੱਚ ਇਕ ਜਗਰਾਤੇ ’ਤੇ ਪਹੁੰਚੇ ਸਨ। ਵਿਧਾਇਕ ਬੋਲਣ ਤੋਂ ਬਾਅਦ ਕਹਿੰਦਾ ਹੈ ਕਿ ਜੇਕਰ ਕਿਸੇ ਨੇ ਕੁੱਝ ਕਹਿਣਾ ਤਾਂ ਕਹੋ। ਉਸ ਸਮੇਂ ਇੱਕ ਨੌਜਵਾਨ ਅੱਗੇ ਆ ਕੇ ਵਿਧਾਇਕ ਨੂੰ ਪੁੱਛਦਾ ਹੈ ਕਿ ਤੂੰ ਕੀ ਕੰਮ ਕੀਤਾ ਹੈ ਤਾਂ ਵਿਧਾਇਕ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਹ ਨੌਜਵਾਨ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੰਦਾ ਹੈ। ਇਸ ਮੌਕੇ ਉਨ੍ਹਾਂ ਦੇ ਸੁਰੱਖਿਆ ਵਿੱਚ ਤੈਨਾਤ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਹੋਰ ਵਰਕਰ ਵੀ ਨੌਜਵਾਨ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਹਨ। ਉੱਥੇ ਮੌਜੂਦ ਕੁੱਝ ਲੋਕਾਂ ਨੇ ਨੌਜਵਾਨ ਨੂੰ ਵਿਧਾਇਕ ਤੋਂ ਬਚਾਇਆ।