‘ਦ ਖ਼ਾਲਸ ਬਿਊਰੋ :- ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਅੱਜ ਸਮੂਹ ਸਟਾਫ, ਵੱਖ-ਵੱਖ ਏਅਰਲਾਈਨਜ਼ ਦੇ ਸਟਾਫ ਤੇ ਸਕਿਓਰਿਟੀ ਸਟਾਫ ਵੱਲੋਂ ਸ਼੍ਰੀ ਗੁਰੂ ਰਾਮ ਦਾਸ ਦੀ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਦੂਜੀ ਵਾਰ ਹੋਇਆ ਹੈ ਜਦੋਂ ਸ਼੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਏਅਰਪੋਰਟ ‘ਤੇ ਸਮਾਗਮ ਕਰਵਾਏ ਗਏ ਹਨ। ਇਹਨਾਂ ਦੀ ਸ਼ੁਰੂਆਤ ਪਿਛਲੇ ਸਾਲ ਤੋਂ ਕੀਤੀ ਗਈ ਸੀ। ਇਸ ਤੋਂ ਪਹਿਲਾਂ ਪ੍ਰਕਾਸ਼ ਪੁਰਬ ‘ਤੇ ਸਿਰਫ ਅਰਦਾਸ ਹੀ ਕੀਤੀ ਜਾਂਦੀ ਸੀ ਅਤੇ ਪਿਛਲੇ ਸਾਲ ਤੋਂ ਸਮੂਹ ਸਟਾਫ ਰਲ ਕੇ ਕੀਰਤਨ ਸਮਾਗਮ ਕਰਵਾਉਣੇ ਆਰੰਭ ਕੀਤੇ ਹਨ।
ਇਸ ਮੌਕੇ ਦੀਵਾਨ ਸਜਾਏ ਗਏ ਦਵਾਨ ਵਿਚ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਰਨੈਲ ਸਿੰਘ ਤੇ ਉਹਨਾਂ ਦੇ ਜੱਥੇ ਨੇ ਗੁਰੂ ਕੀ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਬਲਵਿੰਦਰ ਸਿੰਘ ਨੇ ਗੁਰੂ ਰਾਮ ਦਾਸ ਦੇ ਜੀਵਨ ਬਾਰੇ ਕਥਾ ਕਰ ਕੇ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਸਮਾਗਮ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅੰਦਰ ਸਥਿਤ ਗੁਰਦੁਆਰਾ ਬਾਬਾ ਜਵੰਧਾ ਸਿੰਘ ਤੋਂ ਸਮਾਗਮ ਵਾਲੀ ਥਾਂ ਬੈਂਡ ਵਾਜਿਆਂ ਨਾਲ ਫੁੱਲਾਂ ਦੀ ਵਰਖਾ ਕਰਦਿਆਂ ਲਿਆਂਦੇ ਗਏ ਅਤੇ ਸਮਾਗਮ ਮਗਰੋਂ ਵਾਪਸ ਵੀ ਇਸੇ ਤਰੀਕੇ ਗੁਰਦੁਆਰਾ ਸਾਹਿਬ ਤੱਕ ਲਿਜਾਏ ਗਏ।
ਇਸ ਮੌਕੇ ਇਹ ਵੀ ਦੱਸਿਆ ਗਿਆ ਕਿ ਸ਼੍ਰੀ ਗੁਰੂ ਰਾਮ ਦਾਸ ਕੌਮਾਂਤਰੀ ਏਅਰਪੋਰਟ ਦੇਸ਼ ਦਾ ਇਕਲੌਤਾ ਏਅਰਪੋਰਟ ਹੈ ਜੋ ਕੋਰੋਨਾ ਸੰਕਟ ਵੇਲੇ ਵੀ ਚਾਲੂ ਰਿਹਾ ਭਾਵੇਂ ਕਿ ਇਥੇ ਵਿਸ਼ੇਸ਼ ਉਡਾਣਾਂ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਲੈ ਕੇ ਆਉਂਦੀਆਂ ਤੇ ਜਾਂਦੀਆਂ ਰਹੀਆਂ, ਜਦਕਿ ਦੇਸ਼ ਦੇ ਬਾਕੀ ਸਭ ਹਵਾਈ ਅੱਡੇ ਇਸ ਲਾਕਡਾਊਨ ਦੌਰਾਨ ਬੰਦ ਸਨ।
ਇਸ ਮੌਕੇ ਸਮਾਗਮ ਵਿੱਚ ਗਿਆਨੀ ਬਲਵਿੰਦਰ ਸਿੰਘ ਨੇ ਹਵਾਈ ਅੱਡੇ ਦੇ ਡਾਇਰੈਕਟਰ ਵੀ ਕੇ ਸੇਠ, ਸੀ ਆਈ ਐਸ ਐਫ ਦੇ ਇੰਚਾਰਜ ਧਰਮਵੀਰ ਯਾਦਵ, ਹਰੀ ਪਾਲ, ਵਿਸਤਾਰਾ ਦੇ ਏ ਵੀ ਐਮ ਅਰੁਣ ਕਪੂਰ, ਇੰਡੀਗੋ ਦੇ ਗਗਨਦੀਪ ਸਿੰਘ, ਸਪਾਈਸਜੈਟ ਦੇ ਕਮਲ ਕਿਸ਼ੋਰ, ਏਅਰ ਇੰਡੀਆ ਦੇ ਨਿਰੰਜਣ ਸਿੰਘ, ਕਾਰਗੋ ਇੰਚਾਰਜ ਸਿਮਰਨਜੀਤ ਸਿੰਘ, ਏਅਰਪੋਰਟ ਵਿਕਾਸ ਮੰਚ ਦੇ ਮਨਮੋਹਨ ਸਿੰਘ ਅਤੇ ਸਟਾਫ ਮੈਂਬਰਾਂ ਤੋਂ ਕੰਵਲਜੀਤ ਸਿੰਘ, ਗੁਰਦੀਪ ਸਿੰਘ, ਯਾਦਵਿੰਦਰ ਸਿੰਘ, ਕੁਲਜੀਤ ਸਿੰਘ, ਅਮਰੀਕ ਸਿੰਘ ਤੇ ਮਨਦੀਪ ਸਿੰਘ ਆਦਿ ਸਟਾਫ ਮੈਂਬਰਾਂ ਇਸ ਮੌਕੇ ਦੀਵਾਨ ਸਮਾਗਮ ਸਜਾਉਣ ਸਮੇਤ ਹੋਰ ਸੇਵਾਵਾਂ ਨਿਭਾਈਆਂ।