ਬਿਉਰੋ ਰਿਪੋਰਟ – ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ (LAWRENCE BISHNOI INTERVIEW) ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਨੇ ਕਰੜਾ ਰੁੱਖ ਅਖਤਿਆਰ ਕਰ ਲਿਆ ਹੈ। ਹਾਈਕੋਰਟ ਵੱਲੋਂ ਗੈਂਗਸਟਰ ਦੇ ਇੰਟਰਵਿਊ ਨੂੰ ਲੈਕੇ ਪੁੱਛੇ ਗਏ ਸਵਾਲਾਂ ਦਾ ਜਵਾਬ ਪੰਜਾਬ ਸਰਕਾਰ ਨੇ ਜਵਾਬ ਦਾਖ਼ਲ ਕਰ ਦਿੱਤਾ ਹੈ। ਸਰਕਾਰ ਨੇ ਕਿਹਾ ਤਤਕਾਲੀ SSP, SP, DSP ਅਤੇ CIA ਇੰਚਾਰਜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਜਿਸ ਤੋਂ ਬਾਅਦ ਅਦਾਲਤ ਨੇ ਪੁੱਛਿਆ ਹੈ ਕਿ ਇਹ ਅਧਿਕਾਰੀ ਹੁਣ ਕਿੱਥੇ ਤਾਇਨਾਤ ਹਨ, ਕੀ ਇਹ ਕਿਸੇ ਪਬਲਿਕ ਡੀਲਿੰਗ ਨਾਲ ਜੁੜੀ ਥਾਂ ’ਤੇ ਪੋਸਟਿਡ ਤਾਂ ਨਹੀਂ ਹਨ।
ਇਸ ਦੇ ਨਾਲ ਹਾਈਕੋਰਟ ਨੇ ਪੁੱਛਿਆ ਹੈ ਕਿ ਲਾਰੈਂਸ ਨੂੰ ਕਿਸ FIR ਅਧੀਨ ਦਿੱਲੀ ਤੋਂ ਖਰੜ ਲਿਆਉਂਦਾ ਗਿਆ ਸੀ? ਅਦਾਲਤ ਨੇ ਕਿਹਾ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਲਾਰੈਂਸ ਦਾ ਇੰਟਰਵਿਊ 3 ਅਤੇ 4 ਸਤੰਬਰ ਦੀ ਰਾਤ ਨੂੰ ਖਰੜ ਵਿੱਚ ਹੋਇਆ ਸੀ।
ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਲਾਰੈਂਸ ਦੇ ਇੰਟਰਵਿਊ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਗਿਆ ਹੈ ਉਸ ਵਿੱਚ ਮੁਹਾਲੀ ਦੇ ਤਤਕਾਲੀ SSP ਵਿਵੇਕਸ਼ੀਲ ਸੋਨੀ, ਤਤਕਾਲੀ SP ਮੁਹਾਲੀ ਅਮਨਦੀਪ ਸਿੰਘ ਬਰਾੜ, ਤਤਕਾਲੀ DSP ਗੁਰਸ਼ੇਰ ਸਿੰਘ, ਤਤਕਾਲੀ CIA ਇੰਚਾਰਜ ਸ਼ਿਵ ਕੁਮਾਰ ਦਾ ਨਾਂ ਸ਼ਾਮਲ ਹੈ।
ਵਿਧਾਨਸਭਾ ਦੇ ਮਾਨਸੂਨ ਇਜਲਾਸ ਵਿੱਚ ਵੀ ਵਿਰੋਧੀ ਧਿਰ ਲਗਾਤਾਰ ਸਰਕਾਰ ਨੂੰ ਪੁੱਛ ਰਿਹਾ ਸੀ ਕਿ ਜਿਨ੍ਹਾਂ ਨੇ ਲਾਰੈਂਸ ਦਾ ਇੰਟਰਵਿਊ ਕਰਵਾਇਆ ਸੀ, ਉਨ੍ਹਾਂ ਅਧਿਕਾਰੀਆਂ ਖ਼ਿਲਾਫ਼ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ। ਪਰ ਸਰਕਾਰ ਕੋਰਟ ਦਾ ਹਵਾਲਾ ਦਿੰਦੇ ਹੋਏ ਕੋਈ ਵੀ ਬਿਆਨ ਨਹੀਂ ਦੇ ਰਹੀ ਸੀ।
ਹਾਈਕੋਰਟ ਨੇ ਬਣਾਈ ਸੀ SIT
ਪੰਜਾਬ ਹਰਿਆਣਾ ਹਾਈਕੋਰਟ ਨੇ DGP ਪ੍ਰਬੋਧ ਕੁਮਾਰ ਦੇ ਅਧੀਨ SIT ਬਣਾਈ ਸੀ ਜਿਸ ਨੇ ਦੱਸਿਆ ਸੀ ਕਿ ਲਾਰੈਂਸ ਦਾ ਪਹਿਲਾ ਇੰਟਰਵਿਊ ਖਰੜ ਵਿੱਚ ਹੋਇਆ ਸੀ ਜਦਕਿ ਦੂਜਾ ਰਾਜਸਥਾਨ ਵਿੱਚ ਹੋਇਆ ਸੀ। ਜਦਕਿ ਪਹਿਲਾਂ ਬਣੀ SIT ਨੇ ਪੰਜਾਬ ਵਿੱਚ ਇੰਟਰਵਿਊ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਪੰਜਾਬ ਸਰਕਾਰ ਦੀ SIT ਤੋਂ ਨਾਖੁਸ਼ ਹੋ ਕੇ ਹੀ ਹਾਈਕੋਰਟ ਨੇ ਨਵੀਂ SIT ਦੇ ਲਈ ਪੰਜਾਬ ਸਰਕਾਰ ਕੋਲੋਂ ਅਧਿਕਾਰੀਆਂ ਦੇ ਨਾਂ ਮੰਗੇ ਸੀ।