‘ਦ ਖ਼ਾਲਸ ਬਿਊਰੋ : ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਹੋਰ ਵਧ ਗਿਆ ਹੈ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ (harish chaudhary)ਨੇ ਵਿਧਾਇਕ ਸੁਖਪਾਲ ਖਹਿਰਾ (sukhpal singh khaira)ਨੂੰ ਕਾਰਨ ਦੱਸੋਂ ਨੋਟਿਸ ਭੇਜਿਆ(Show cause notice issued) ਹੈ। ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਖਹਿਰਾ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਦਾ ਧਰਨਾ ਚੁੱਕਣ ਦੀ ਸਲਾਹ ਦਿੱਤੀ ਸੀ। ਇਹ ਧਰਨਾ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਸਮਰਥਨ ਵਿੱਚ ਸੀ। ਪਾਰਟੀ ਇੰਚਾਰਜ ਨੇ ਖਹਿਰਾ ਤੋਂ ਵੜਿੰਗ ਜਾਂ ਪਾਰਟੀ ਫੋਰਮ ਦੀ ਬਜਾਏ ਸੋਸ਼ਲ ਮੀਡੀਆ ‘ਤੇ ਸਿੱਧੀ ਗੱਲ ਕਰਨ ‘ਤੇ ਜਵਾਬ ਮੰਗਿਆ ਹੈ।
ਇਸ ਤੋਂ ਪਹਿਲਾਂ ਵੜਿੰਗ ਨੇ ਵੀ ਖਹਿਰਾ ਨੂੰ ਕਿਹਾ ਸੀ ਕਿ ਬਿਨਾਂ ਮੰਗੇ ਸਲਾਹ ਨਾ ਦਿੱਤੀ ਜਾਵੇ। ਇਸ ਨਾਲ ਕਦਰ ਘਟਦੀ ਹੈ। ਇਸ ‘ਤੇ ਖਹਿਰਾ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਨੇਤਾਵਾਂ ਨੂੰ ਛੋਟੇ ਤੋਂ ਛੋਟੇ ਵਰਕਰ ਦੀ ਸਲਾਹ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।ਇਸੇ ਦੌਰਾਨ ਅਬੋਹਰ ਤੋਂ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਨੇ ਵੀ ਖਹਿਰਾ ਦੇ ਬਹਾਨੇ ਮੋਰਚਾ ਖੋਲ੍ਹ ਦਿੱਤਾ। ਜਾਖੜ ਨੇ ਰਾਜਾ ਵੜਿੰਗ ਨੂੰ ਹੰਕਾਰੀ ਕਿਹਾ। ਉਨ੍ਹਾਂ ਨੇ ਕਿਹਾ ਕਿ ਸੁਖਪਾਲ ਖਹਿਰਾ ਵਰਗੇ ਸੀਨੀਅਰ ਆਗੂ ਨੂੰ ਜਨਤਕ ਤੌਰ ‘ਤੇ ਝਿੜਕਣਾ ਪ੍ਰਧਾਨ ਦੇ ਹੰਕਾਰ ਨੂੰ ਦਰਸਾਉਂਦਾ ਹੈ।
ਦੱਸ ਦੇਈਏ ਕਿ ਸੁਖਪਾਲ ਸਿੰਘ ਖਹਿਰਾ ਨੇ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਦੇ ਮਾਮਲੇ ‘ਤੇ ਪਿਛਲੇ ਦਿਨੀਂ ਟਵੀਟ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਲਾਹ ਦਿੱਤੀ ਸੀ ਕਿ ਕਿਸੇ ਲਈ ਪਾਰਟੀ ਦੇ ਕਾਡਰਾਂ ਦੀ ਊਰਜਾ ਨੂੰ ਬਰਬਾਦ ਨਾ ਕਰੋ ਕਿਉਂਕਿ ਪੰਜਾਬ ਦੇ ਬੇਅਦਬੀ, ਕਿਸਾਨ ਖੁਦਕੁਸ਼ੀਆਂ, ਪਾਣੀ, ਐਲਐਸਡੀ ਆਦਿ ਵਰਗੇ ਬਹੁਤ ਸਾਰੇ ਭਖਦੇ ਮੁੱਦੇ ਹਨ, ਜਿਨ੍ਹਾਂ ‘ਤੇ ਸਾਨੂੰ ਕੰਮ ਕਰਨਾ ਚਾਹੀਦਾ ਹੈ।
ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਭਾਰਤ ਭੂਸ਼ਣ ਆਸ਼ੂ ਲਈ ਵਿਜੀਲੈਂਸ ਭਵਨ ਦੇ ਬਾਹਰ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ। ਰਾਜਾ ਵੜਿੰਗ (Amarinder Singh Raja Warring) ਨੇ ਇਸ ਗ੍ਰਿਫ਼ਤਾਰੀ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਗ੍ਰਿਫ਼ਤਾਰੀ ਚੋਰਾਂ ਵਾਂਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਕੋਲ ਆਸ਼ੂ ਵਿਰੁੱਧ 2000 ਕਰੋੜ ਰੁਪਏ ਦੇ ਟੈਂਡਰ ਘਪਲੇ ਵਿੱਚ ਕੋਈ ਸਬੂਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਦਾ ਨੁਕਸਾਨ ਹੀ ਹੋਵੇਗਾ।