Punjab Religion

ਦਰਬਾਰ ਸਾਹਿਬ ਦੇ ਬਾਹਰ ਚੱਲੀ ਗੋਲੀ, ਸੁਖਬੀਰ ਬਾਦਲ ‘ਤੇ ਹਮਲੇ ਦੀ ਕੋਸ਼ਿਸ਼

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਵੱਲੋਂ ਸੁਣਾਈ ਸਜ਼ਾ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਦੂਜੇ ਦਿਨ ਵੀ ਹੁਕਮਾਂ ਦੀ ਪਾਲਣਾ ਕਰ ਰਹੇ ਹਨ। ਉਹ ਦਰਬਾਰ ਸਾਹਿਬ ਦੇ ਘੰਟਾ ਘਰ ਦੇ ਬਾਹਰ ਗਲੇ ਵਿੱਚ ਤਖ਼ਤੀ ਪਾ ਕੇ ਨੀਲੇ ਰੰਗ ਦੇ ਕੱਪੜਿਆਂ ਵਿੱਚ ਸੇਵਾਦਾਰ ਦੀ ਡਿਊਟੀ ਕਰ ਰਹੇ ਹਨ।

ਇਸੇ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਕਤਲ ਦੀ ਕੋਸ਼ਿਸ਼ ਕੀਤੀ ਗਈ ਹੈ। ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਸਿੰਘ ਬਾਦਲ ’ਤੇ ਗੋਲੀ ਚਲਾ ਦਿੱਤੀ ਗਈ ਹੈ। ਦਲ ਖਾਲਸਾ ਨਾਲ ਸਬੰਧਤ ਸਖ਼ਸ਼ ਫੜ ਲਿਆ ਗਿਆ ਹੈ। ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਨਰਾਇਣ ਸਿੰਘ ਚੌੜਾ ਵਾਸੀ ਡੇਰਾਬਾਬਾ ਨਾਨਕ, ਗੁਰਦਾਸਪੁਰ ਵਜੋਂ ਹੋਈ ਹੈ। ਉਹ ਦਲ ਖਾਲਸਾ ਦਾ ਮੈਂਬਰ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਦਲਜੀਤ ਸਿੰਘ ਚੀਮਾ ਨੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨਮੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਹਮਲਾ ਹੋਣਾ ਇਸ ਦਰਸਾਉਂਦਾ ਹੈ ਕਿ ਸੂਬੇ ਦਾ ਕਾਨੂੰਨ ਅਵਸਥਾ ਕਿੰਨੀ ਕੁ ਵਿਗੜ ਗਈ ਹੈ। ਇਸਦੇ ਨਾਲ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫ਼ੇ ਦੀ ਮੰਗ ਵੀ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ਗੋਲੀ ਚਲਾਉਣ ਵਾਲਾ ਵਿਅਕਤੀ ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ਦਾ ਕਰੀਬੀ ਹੈ।

ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਇਸ ਪੂਰੇ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਵਿਅਕਤੀ ਸੁਖਬੀਰ ਸਿੰਘ ਬਾਦਲ ਦੇ ਨੇੜੇ ਆਉਂਦਾ ਹੈ ਅਤੇ ਬੰਦੂਕ ਕੱਢਦਾ ਹੈ, ਇਸੇ ਦੌਰਾਨ ਉਸ ਦੇ ਨੇੜੇ ਮੌਜੂਦ ਲੋਕ ਉਸ ਵਿਅਕਤੀ ਨੂੰ ਫੜ ਲੈਂਦੇ ਹਨ। ਇਸ ਦੌਰਾਨ ਉਹ ਕਈ ਵਾਰ ਫਾਇਰ ਕਰਦਾ ਹੈ।

ਵੀਡੀਓ ‘ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਇਕ ਵਿਅਕਤੀ ਉਹਨਾਂ ਵੱਲ ਵਧਦਾ ਹੈ, ਇਸੇ ਦੌਰਾਨ ਉਸ ਦੇ ਗਾਰਡ ਉਸ ਵਿਅਕਤੀ ਨੂੰ ਰੋਕਦੇ ਹਨ ਅਤੇ ਇਕ ਹੋਰ ਗਾਰਡ ਉਸ ਨੂੰ ਬਚਾਉਣ ਲਈ ਸੁਖਬੀਰ ਬਾਦਲ ਦੇ ਸਾਹਮਣੇ ਆ ਜਾਂਦਾ ਹੈ।

ਅਕਾਲੀ ਵੱਲੋਂ ਚੁੱਕੇ ਗਏ ਸਵਾਲ

ਅਕਾਲੀ ਦਲ ਦੇ ਆਗੂਆਂ ਵੱਲੋਂ ਸੁਰੱਖਿਆ ਨੂੰ ਲੈ ਕੇ ਪੰਜਾਬ ਪੁਲਿਸ ‘ਤੇ ਸਵਾਲ ਚੁੱਕੇ ਗਏ ਹਨ। ਅਕਾਲੀ ਆਗੂ ਬੰਟੀ ਰੋਮਾਨਾ ਨੇ ਕਿਹਾ ਕਿ ਜੇਕਰ ਪੁਲਿਸ ਨੂੰ ਪਹਿਲਾਂ ਤੋਂ ਪਤਾ ਸੀ ਤਾਂ ਪੁਲਿਸ ਨੇ ਕਾਰਵਾਈ ਕਿਊਂ ਨਹੀਂ ਕੀਤੀ ਗਈ। ਉਹ ਕਿਸੇ ਘਟਨਾ ਹੋਣ ਦਾ ਇੰਤਜ਼ਾਰ ਕਰ ਹਹੇ ਸਨ। ਉਨ੍ਹਾਂ ਨੇ ਕਿਹਾ ਕਿ ਅਕਾਲੀ ਲੀਡਰਸ਼ਿਪ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।

ਕਾਨੂੰਨ ਵਿਵਸਥਾ ਨੂੰ ਲੈ ਕੇ ਚੁੱਕੇ ਸਵਾਲ

ਇਸ ਮਾਮਲੇ ਦੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਦ ਨੇ ਇਸ ਮਾਮਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ ਜਿਹੀ ਸਖ਼ਸ਼ੀਅਤ ’ਤੇ ਗੋਲੀ ਚੱਲ ਸਕਦੀ ਹੈ ਤਾਂ ਪੂਰੇ ਪੰਜਾਬ ਵਿੱਚ ਕੋਈ ਸੁਰੱਖਿਅਤ ਨਹੀਂ ਹੈ। ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਖਬੀਰ ਬਾਦਲ ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੌੜਾ ਦੇ ਕਰੀਬੀ ਹੋਣ ਦੀ ਗੱਲ ਨਕਾਰੀ ਹੈ।

ਅੰਮ੍ਰਿਤਸਰ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁਲੱਰ ਨੇ ਕਿਹਾ ਕਿ ਤਿੰਨ ਮੁਲਾਜ਼ਮਾਂ ਨੇ ਹਮਲਾਵਾਰ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਸੁਖਬੀਰ ਸਿੰਘ ਬਾਦਲ ਲਈ ਡਿਟੇਲਡ ਸਕਿਓਰਿਟੀ ਸੀ। AIG ਜਗਜੀਤ ਵਾਲਿਆ ਸਕਿਓਰੀਟੀ ਇੰਚਾਰਜ ਹਨ। ਇਸ ਦਰੌਾਨ 2 SP, 2 DSP ਤੇ 175 ਪੁਲਿਸ ਮੁਲਜ਼ਮ ਤੈਨਾਤ ਹਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਰਸ਼ਪਾਲ ਸਿੰਘ ਨੇ ਹਮਲਾਵਰ ਨਰਾਇਣ ਸਿੰਘ ਚੌੜਾ ਨੂੰ ਗ੍ਰਿਫ਼ਾਤਰ ਕਰ ਲਿਆ ਸੀ। ਜਿਸ ਤਰ੍ਹਾਂ ਹੀ ਨਰਾਇਣ ਸਿੰਘ ਨੇ ਹਮਲਾ ਕੀਤਾ ਤਾਂ ਜਸਬੀਰ ਸਿੰਘ ਅਤੇ ਪਰਮਿੰਦਰ ਸਿੰਘ ਨੇ ਉਸ ਦੀ ਬਾਂਹ ਖੜ੍ਹੀ ਕਰ ਦਿੱਤਾ ਅਤੇ ਗੋਲੀ ਦੀਵਾਰ ਵਿੱਚ ਜਾ ਲੱਗੀ। ਇਸ ਕਾਰਨ ਵੱਡਾ ਹਾਦਸਾ ਟੱਲ ਗਿਆ।

ਕੌਣ ਹੈ ਨਾਰਾਇਣ ਸਿੰਘ

ਦੱਸਿਆ ਜਾ ਰਿਹਾ ਹੈ ਕਿ ਨਾਰਾਇਣ ਸਿੰਘ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਵਿੱਚ ਸ਼ਾਮਲ ਸੀ। ਜੋ 5 ਸਾਲ ਬਾਅਦ ਅਗਸਤ 2018 ਨੂੰ ਜੇਲ੍ਹ ਤੋਂ ਬਾਹਰ ਆਇਆ ਸੀ।