ਬਟਾਲਾ ਦੇ ਗੁਰੂ ਨਾਨਕ ਨਗਰ ਵਿੱਚ ਬੱਚਿਆਂ ਦੇ ਮਾਮੂਲੀ ਝਗੜੇ ਨੂੰ ਲੈ ਕੇ ਹੋਏ ਮਾਮੂਲੀ ਜਿਹੇ ਵਿਵਾਦ ਤੋਂ ਬਾਅਦ ਝਗੜਾ ਇੰਨਾ ਵੱਧ ਗਿਆ ਕਿ ਦੋਹਾਂ ਧਿਰਾਂ ਦਰਮਿਆਨ ਗੋਲ਼ੀਆਂ ਚੱਲ ਗਈਆਂ। ਦੋਵੇਂ ਧਿਰ ਇੱਕ ਦੂਜੇ ਤੇ ਪਹਿਲ ਕਰਨ ਕਰਕੇ ਗੋਲੀ ਚਲਾਉਣ ਦਾ ਦੋਸ਼ ਲਗਾ ਰਹੇ ਹਨ ਅਤੇ ਇਹਨਾਂ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ। ਜਦਕਿ ਡੀ ਐੱਸ ਪੀ ਲਲਿਤ ਕੁਮਾਰ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਧਿਕਾਰੀ ਮੋਹਿਤ ਬੇਦੀ ਨੇ ਦੱਸਿਆ ਕਿ ਉਹ ਡਿਊਟੀ ‘ਤੇ ਸਨ ਤਾਂ ਉਨ੍ਹਾਂ ਨੂੰ ਆਪਣੀ ਪਤਨੀ ਦਾ ਫ਼ੋਨ ਆਇਆ ਕਿ ਗਲੀ ‘ਚ ਬੱਚਿਆਂ ਦੀ ਆਪਸ ‘ਚ ਲੜਾਈ ਹੋ ਰਹੀ ਹੈ ਅਤੇ ਗੁਆਂਢੀ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਨੂੰ ਚੰਗੀ-ਮਾੜੀ ਗੱਲ ਕਹਿ ਰਹੇ ਹਨ ਅਤੇ ਕੁੱਟਮਾਰ ਕਰ ਰਹੇ ਹਨ। ਜਿਸ ਮਗਰੋਂ ਜਦੋਂ ਉਹ ਘਰ ਆਇਆ ਤੇ ਉਹਨਾਂ ਨਾਲ ਗੱਲ ਕਰਨ ਲਈ ਗਿਆ ਤਾਂ ਉਹਨਾਂ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਨਾਲ ਹੀ ਮੇਰੇ ਤੇ ਗੋਲੀ ਚਲਾਈ । ਮੈਂ ਖ਼ੁਦ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਹਾਂ। ਜੇਕਰ ਮੇਰੀ ਇੱਥੇ ਸੁਣਵਾਈ ਨਾ ਹੋਈ ਤਾਂ ਮੈਂ ਉਪਰ ਤੱਕ ਜਾਵਾਂਗਾ।
ਪੁਲਿਸ ਮੁਲਾਜ਼ਮ ਨੇ ਪੁਲਿਸ ਵਿਭਾਗ ਤੋਂ ਮੰਗ ਕੀਤੀ ਗਈ ਹੈ ਕਿ ਗੋਲੀ ਚਲਾਉਣ ਵਾਲੇ ਪਿਓ-ਪੁੱਤ ਖ਼ਿਲਾਫ਼ 307 ਦਾ ਮਾਮਲਾ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ ।
ਦੂਜੀ ਧਿਰ ਨੇ ਦੋਸ਼ ਲਾਇਆ ਕਿ ਬੱਚਿਆਂ ਦੀ ਆਪਸੀ ਲੜਾਈ ਤੋਂ ਬਾਅਦ ਪੁਲੀਸ ਮੁਲਾਜ਼ਮ ਦੀ ਪਤਨੀ ਸਾਡੇ ਘਰ ਆ ਗਈ ਅਤੇ ਸਾਨੂੰ ਗਾਲ੍ਹਾਂ ਕੱਢਣ ਲੱਗ ਪਈ ਅਤੇ ਉਸ ਤੋਂ ਬਾਅਦ ਉਸ ਦਾ ਪਤੀ ਆਪਣੇ 30-40 ਸਾਥੀਆਂ ਸਮੇਤ ਤੇਜ਼ਧਾਰ ਹਥਿਆਰਾਂ ਨਾਲ ਆਇਆ ਅਤੇ ਸਾਡੇ ਘਰ ’ਤੇ ਹਮਲਾ ਕਰ ਦਿੱਤਾ।
ਇਹ ਲੋਕ ਸਾਨੂੰ ਪਹਿਲਾਂ ਵੀ ਕਈ ਵਾਰ ਚੰਗੀਆਂ-ਮਾੜੀਆਂ ਗੱਲਾਂ ਕਹਿ ਚੁੱਕੇ ਹਨ। ਇਸ ਲਈ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾਂਦੀ ਹੈ। ਡੀ ਐੱਸ ਪੀ ਸਿਟੀ ਲਲਿਤ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਜਲਦੀ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।