ਸਰੀ : ਕੈਨੇਡਾ ਦੇ ਨਾਮਵਰ ਕਬੱਡੀ ਪ੍ਰਮੋਟਰ ਨੀਟੂ ਕੰਗ ‘ਤੇ ਸਰੀ ਵਿੱਚ ਅੱਜ ਸਵੇਰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਦਿੱਤੀਆਂ। ਉਸ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਗੋਲੀ ਨੀਟੂ ਦੇ ਢਿੱਡ ਵਿੱਚ ਅਤੇ ਦੂਜੀ ਲੱਤ ਵਿੱਚ ਲੱਗੀ ਹੈ। ਨੀਟੂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ ਪਰ ਉਸਦੀ ਹਾਲਤ ਪੂਰੀ ਤਰਾਂ ਖਤਰੇ ‘ਚੋਂ ਬਾਹਰ ਹੈ।
ਮਿਲੀ ਜਾਣਕਾਰੀ ਮੁਤਾਬਕ ਹਮਲਾਵਰ ਨੀਟੂ ਕੰਗ ਦੀ ਰਿਹਾਇਸ਼ ਦੇ ਬਾਹਰ ਪਹਿਲਾਂ ਹੀ ਇੰਤਜ਼ਾਰ ਕਰ ਰਹੇ ਸਨ ਅਤੇ ਜਿਵੇਂ ਹੀ ਉਹ ਆਪਣੇ ਘਰ ਤੋਂ ਬਾਹਰ ਨਿਕਲਿਆ ਤਾਂ ਉਸ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਇਹ ਹਮਲਾ ਸਵੇਰੇ ਅੱਠ ਵਜੇ ਦੇ ਕਰੀਬ ਹੋਇਆ। ਦੱਸਿਆ ਜਾ ਰਿਹਾ ਹੈ ਕਿ ਹਮਲੇ ਵਿੱਚ ਵਰਤੀ ਗਈ ਸ਼ੱਕੀ ਗੱਡੀ ਸਰੀ ਦੀ ਹੀ ਕੋਲਬਰੁੱਕ ਰੋਡ ਮਿਲੀ ਹੈ।
ਨੀਟੂ ਕੰਗ ਉੱਤਰੀ ਭਾਰਤ ਸਰਕਲ ਸਟਾਈਲ ਕਬੱਡੀ ਫੈਡਰੇਸ਼ਨ (NICKF) ਦਾ ਵੱਡਾ ਆਗੂ ਹੈ ਅਤੇ ਵਿਸ਼ਵ ਦੇ ਸਭ ਤੋਂ ਮਸ਼ਹੂਰ ਕਬੱਡੀ ਪ੍ਰਮੋਟਰਾਂ ਵਿੱਚੋਂ ਇੱਕ ਹੈ। ਉਹ ਜਲੰਧਰ ਦੇ ਉਗੀ ਪਿੰਡ ਦਾ ਰਹਿਣ ਵਾਲਾ ਹੈ। ਨੀਟੂ ਕੰਗ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਬੀ ਸੀ ਕੈਨੇਡਾ ਨਾਲ ਸਬੰਧਿਤ ਹੈ ਅਤੇ ਪਿਛਲੇ ਲੰਬੇ ਸਮੇਂ ਤੋ ਕਬੱਡੀ ਦੇ ਪ੍ਰੋਮੋਸ਼ਨ ਨਾਲ ਜੁੜਿਆ ਹੋਇਆ ਸੀ।