ਆਸਟ੍ਰੇਲੀਆ ਦੇ ਸਿਡਨੀ ਵਿੱਚ ਬੋਂਡਾਈ ਬੀਚ ਤੇ 14 ਦਸੰਬਰ 2025 ਨੂੰ ਹੋਏ ਅੱਤਵਾਦੀ ਹਮਲੇ ਵਿੱਚ ਬਾਪ-ਬੇਟੇ ਵਜੋਂ ਪਛਾਣੇ ਗਏ ਦੋ ਹਮਲਾਵਰਾਂ ਨੇ ਹਨੁੱਕਾ ਤਿਉਹਾਰ ਮਨਾ ਰਹੇ ਯਹੂਦੀ ਭਾਈਚਾਰੇ ਤੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿੱਚ 15-16 ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਇੱਕ 10 ਸਾਲ ਦੀ ਬੱਚੀ, ਇੱਕ ਇਜ਼ਰਾਈਲੀ ਨਾਗਰਿਕ ਤੇ ਚਬਾਦ ਆਫ਼ ਬੋਂਡੀ ਦੇ ਸਹਾਇਕ ਰੱਬੀ ਐਲੀ ਸਲੈਂਗਰ ਵੀ ਸ਼ਾਮਲ ਹਨ।
ਇਸ ਤੋਂ ਇਲਾਵਾ 40-45 ਲੋਕ ਜ਼ਖ਼ਮੀ ਹੋਏ ਹਨ। ਹਮਲਾਵਰਾਂ ਦੀ ਪਛਾਣ 50 ਸਾਲਾ ਸਾਜਿਦ ਅਕਰਮ ਤੇ ਉਸ ਦੇ 24 ਸਾਲਾ ਬੇਟੇ ਨਵੀਦ ਅਕਰਮ ਵਜੋਂ ਹੋਈ ਹੈ। ਸਾਜਿਦ ਅਕਰਮ, ਜੋ ਫਲਾਂ ਦੀ ਦੁਕਾਨ ਚਲਾਉਂਦਾ ਸੀ ਤੇ ਗਨ ਕਲੱਬ ਦਾ ਮੈਂਬਰ ਸੀ, ਨੂੰ ਪੁਲਿਸ ਨੇ ਮੌਕੇ ਤੇ ਹੀ ਗੋਲੀ ਮਾਰ ਕੇ ਮਾਰ ਦਿੱਤਾ। ਉਸ ਕੋਲ ਕਾਨੂੰਨੀ ਤੌਰ ਤੇ 6 ਬੰਦੂਕਾਂ ਸਨ। ਨਵੀਦ ਅਕਰਮ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਹੈ ਤੇ ਪੁਲਿਸ ਹਿਰਾਸਤ ਵਿੱਚ ਹੈ।
ਉਹ ਆਸਟ੍ਰੇਲੀਆ ਵਿੱਚ ਜਨਮਿਆ ਨਾਗਰਿਕ ਹੈ। ਸਾਜਿਦ 1998 ਵਿੱਚ ਵਿਦਿਆਰਥੀ ਵੀਜ਼ੇ ਤੇ ਆਸਟ੍ਰੇਲੀਆ ਆਇਆ ਸੀ ਤੇ ਬਾਅਦ ਵਿੱਚ ਆਸਟ੍ਰੇਲੀਆਈ ਔਰਤ ਵੇਰੇਨਾ ਨਾਲ ਵਿਆਹ ਕਰਕੇ ਰੈਜ਼ੀਡੈਂਟ ਰਿਟਰਨ ਵੀਜ਼ਾ ਤੇ ਰਹਿ ਰਿਹਾ ਸੀ। ਪਰਿਵਾਰ ਨੂੰ ਉਨ੍ਹਾਂ ਨੇ ਕਿਹਾ ਸੀ ਕਿ ਉਹ ਮੱਛੀਆਂ ਫੜਨ ਜਾ ਰਹੇ ਹਨ।
ਹਮਲਾ ‘ਚਾਨੁਕਾ ਬਾਈ ਦਿ ਸੀ’ ਨਾਮਕ ਸਮਾਗਮ ਦੌਰਾਨ ਹੋਇਆ, ਜਿੱਥੇ ਸੈਂਕੜੇ ਲੋਕ ਇਕੱਠੇ ਹੋਏ ਸਨ। ਚਸ਼ਮਦੀਦਾਂ ਮੁਤਾਬਕ, ਹਮਲਾਵਰਾਂ ਨੇ ਫੁੱਟਬ੍ਰਿਜ ਤੋਂ ਗੋਲੀਆਂ ਚਲਾਈਆਂ। ਇੱਕ ਬਹਾਦਰ ਵਿਅਕਤੀ ਨੇ ਇੱਕ ਹਮਲਾਵਰ ਤੋਂ ਬੰਦੂਕ ਖੋਹ ਲਈ ਤੇ ਉਸ ਵੱਲ ਤਾਣ ਦਿੱਤੀ ਪਰ ਗੋਲੀ ਨਹੀਂ ਚਲਾਈ। ਪੁਲਿਸ ਨੇ ਹਮਲੇ ਨੂੰ ਅੱਤਵਾਦੀ ਘਟਨਾ ਐਲਾਨ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਵੀਦ ਅਕਰਮ 2019 ਵਿੱਚ ASIO ਦੀ ਜਾਂਚ ਅਧੀਨ ਆਇਆ ਸੀ ਪਰ ਉਦੋਂ ਕੋਈ ਖ਼ਤਰਾ ਨਹੀਂ ਮਿਲਿਆ। ਹਮਲਾਵਰਾਂ ਦੀ ਕਾਰ ਵਿੱਚ ਇਸਲਾਮਿਕ ਸਟੇਟ ਝੰਡੇ ਮਿਲੇ ਹਨ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਇਸ ਨੂੰ ਯਹੂਦੀ ਵਿਰੋਧੀ ਅੱਤਵਾਦ ਕਿਹਾ ਤੇ ਬੰਦੂਕ ਕਾਨੂੰਨ ਸਖ਼ਤ ਕਰਨ ਦਾ ਐਲਾਨ ਕੀਤਾ। ਨਿਊ ਸਾਊਥ ਵੇਲਜ਼ ਪ੍ਰੀਮੀਅਰ ਕ੍ਰਿਸ ਮਿਨਸ ਨੇ ਵੀ ਦੁੱਖ ਜਤਾਇਆ।
ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਸਟ੍ਰੇਲੀਆਈ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਪਹਿਲਾਂ ਚੇਤਾਵਨੀ ਦੇਣ ਦਾ ਦਾਅਵਾ ਕੀਤਾ। ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਨਿੰਦਾ ਕੀਤੀ ਤੇ ਯਹੂਦੀ ਥਾਵਾਂ ਤੇ ਸੁਰੱਖਿਆ ਵਧਾਉਣ ਦੇ ਹੁਕਮ ਦਿੱਤੇ।
ਹਮਲੇ ਨੇ ਆਸਟ੍ਰੇਲੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿੱਥੇ ਅਜਿਹੀਆਂ ਘਟਨਾਵਾਂ ਦੁਰਲੱਭ ਹਨ। ਯਹੂਦੀ ਭਾਈਚਾਰੇ ਲਈ ਇਹ ਵੱਡਾ ਝਟਕਾ ਹੈ ਤੇ ਦੁਨੀਆ ਭਰ ਵਿੱਚ ਨਿੰਦਾ ਹੋ ਰਹੀ ਹੈ।

