ਅਮਰੀਕਾ ਦੇ ਕੈਂਟਕੀ ਸੂਬੇ ਦੇ ਲੈਕਸਿੰਗਟਨ ਸ਼ਹਿਰ ਵਿੱਚ ਐਤਵਾਰ ਨੂੰ ਹੋਈ ਇੱਕ ਗੋਲੀਬਾਰੀ ਦੀ ਘਟਨਾ ਵਿੱਚ ਦੋ ਔਰਤਾਂ (72 ਅਤੇ 32 ਸਾਲ) ਦੀ ਮੌਤ ਹੋ ਗਈ ਅਤੇ ਦੋ ਹੋਰ ਲੋਕ ਜ਼ਖਮੀ ਹੋਏ। ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ, ਜਦਕਿ ਦੂਜੇ ਦੀ ਸਥਿਰ ਹੈ। ਇਹ ਘਟਨਾ ਰਿਚਮੰਡ ਰੋਡ ਬੈਪਟਿਸਟ ਚਰਚ ਵਿੱਚ ਵਾਪਰੀ, ਜਿੱਥੇ ਹਮਲਾਵਰ ਨੇ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਪੁਲਿਸ ਨੇ ਮੌਕੇ ‘ਤੇ ਹੀ ਹਮਲਾਵਰ ਨੂੰ ਮਾਰ ਦਿੱਤਾ, ਪਰ ਉਸਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ, ਕਿਉਂਕਿ ਉਸਦੇ ਪਰਿਵਾਰ ਨੂੰ ਸੂਚਿਤ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ, ਹਮਲਾਵਰ ਨੇ ਲੈਕਸਿੰਗਟਨ ਦੇ ਬਲੂ ਗ੍ਰਾਸ ਹਵਾਈ ਅੱਡੇ ਨੇੜੇ ਸਵੇਰੇ 11:30 ਵਜੇ ਇੱਕ ਪੁਲਿਸ ਅਧਿਕਾਰੀ ‘ਤੇ ਗੋਲੀਬਾਰੀ ਕੀਤੀ ਸੀ, ਜਿਸ ਕਾਰਨ ਅਧਿਕਾਰੀ ਗੰਭੀਰ ਜ਼ਖਮੀ ਹੋ ਗਿਆ। ਹੁਣ ਉਸਦੀ ਹਾਲਤ ਸਥਿਰ ਹੈ।
ਇਸ ਗੋਲੀਬਾਰੀ ਨੇ ਹਵਾਈ ਅੱਡੇ ‘ਤੇ ਦਹਿਸ਼ਤ ਫੈਲਾ ਦਿੱਤੀ। ਹਮਲਾਵਰ ਨੇ ਚੈਕਿੰਗ ਦੌਰਾਨ ਪੁਲਿਸ ‘ਤੇ ਹਮਲਾ ਕੀਤਾ ਅਤੇ ਫਿਰ ਉੱਥੋਂ ਭੱਜ ਗਿਆ। ਉਸਨੇ ਹਵਾਈ ਅੱਡੇ ਤੋਂ 16 ਕਿਲੋਮੀਟਰ ਦੂਰ ਇੱਕ ਕਾਰ ਲੁੱਟੀ ਅਤੇ ਚਰਚ ਵੱਲ ਚਲਾ ਗਿਆ, ਜਿੱਥੇ ਉਸਨੇ ਮੁੜ ਗੋਲੀਬਾਰੀ ਕੀਤੀ।
ਪੁਲਿਸ ਨੇ ਚੋਰੀ ਹੋਈ ਕਾਰ ਦੀ ਸੂਚਨਾ ਦੇ ਆਧਾਰ ‘ਤੇ ਹਮਲਾਵਰ ਨੂੰ ਚਰਚ ਵਿੱਚ ਖਦੇੜਿਆ ਅਤੇ ਮਾਰ ਦਿੱਤਾ। ਪੁਲਿਸ ਨੂੰ ਸ਼ੱਕ ਹੈ ਕਿ ਹਮਲਾਵਰ ਚਰਚ ਵਿੱਚ ਮੌਜੂਦ ਕੁਝ ਲੋਕਾਂ ਨੂੰ ਪਹਿਲਾਂ ਤੋਂ ਜਾਣਦਾ ਸੀ, ਪਰ ਗੋਲੀਬਾਰੀ ਦਾ ਮਕਸਦ ਅਜੇ ਸਪੱਸ਼ਟ ਨਹੀਂ ਹੋ ਸਕਿਆ। ਲੈਕਸਿੰਗਟਨ ਪੁਲਿਸ ਵਿਭਾਗ ਦੀਆਂ ਨੀਤੀਆਂ ਅਨੁਸਾਰ, ਇਸ ਘਟਨਾ ਦੀ ਅੰਦਰੂਨੀ ਜਾਂਚ ਕੀਤੀ ਜਾਵੇਗੀ।