ਕਰੋਸ਼ੀਆ ਦੇ ਇੱਕ ਨਰਸਿੰਗ ਹੋਮ ਵਿੱਚ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਹੈ। ਹਮਲੇ ਤੋਂ ਬਾਅਦ ਦੇਸ਼ ਵਿੱਚ ਬੰਦੂਕ ਕੰਟਰੋਲ ਨੂੰ ਸਖ਼ਤ ਕਰਨ ਦੀ ਮੰਗ ਉੱਠਣੀ ਸ਼ੁਰੂ ਹੋ ਗਈ ਹੈ।
ਪੂਰਬੀ ਸ਼ਹਿਰ ਦਾਰੂਵਰ ਵਿੱਚ ਇੱਕ ਨਰਸਿੰਗ ਹੋਮ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਕਰਮਚਾਰੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਵਿਅਕਤੀ ਦੀ ਬਾਅਦ ਵਿੱਚ ਹਸਪਤਾਲ ਵਿੱਚ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਹਮਲੇ ‘ਚ ਕਈ ਲੋਕ ਜ਼ਖਮੀ ਹੋਏ ਹਨ ਅਤੇ ਚਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਕ੍ਰੋਏਸ਼ੀਅਨ ਮੀਡੀਆ ਮੁਤਾਬਕ ਹਮਲਾਵਰ ਹਮਲੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਅਤੇ ਬਾਅਦ ‘ਚ ਇਕ ਕੈਫੇ ‘ਚ ਗ੍ਰਿਫਤਾਰ ਕਰ ਲਿਆ ਗਿਆ। ਉਸ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ। ਕ੍ਰੋਏਸ਼ੀਆ ਦੇ ਰਾਸ਼ਟਰਪਤੀ ਜ਼ੋਰਾਨ ਮਿਲਾਨੋਵਿਕ ਨੇ ਕਿਹਾ ਕਿ ਉਹ ਗੋਲੀਬਾਰੀ ਤੋਂ ਹੈਰਾਨ ਹਨ। ਉਸਨੇ ਦੇਸ਼ ਵਿੱਚ ਬੰਦੂਕ ਨਿਯਮਾਂ ਨੂੰ “ਹੋਰ ਵੀ ਸਖ਼ਤ” ਬਣਾਉਣ ਦੀ ਗੱਲ ਕੀਤੀ ਹੈ।
ਮੇਅਰ ਡਾਮਿਰ ਲੇਨਿਸੇਕ ਨੇ ਕ੍ਰੋਏਸ਼ੀਆਈ ਪ੍ਰਸਾਰਕ ਐਨ1 ਨੂੰ ਦਸਿਆ, ‘‘ਮੇਰੇ ਲਈ ਇਹ ਸਮਝਣਾ ਮੁਸ਼ਕਲ ਹੈ ਕਿ ਇਹ ਸਾਡੇ ਕਸਬੇ, ਦੇਸ਼ ’ਚ ਹੋ ਸਕਦਾ ਹੈ।’’
ਲੇਨਿਸੇਕ ਮੁਤਾਬਕ ਗੋਲੀਬਾਰੀ ਦੇ ਸਮੇਂ ਨਰਸਿੰਗ ਹੋਮ ’ਚ ਕਰੀਬ 20 ਲੋਕ ਰਹਿੰਦੇ ਸਨ। ਕ੍ਰੋਏਸ਼ੀਆ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਬਹੁਤ ਘੱਟ ਹੁੰਦੀਆਂ ਹਨ। ਸੋਮਵਾਰ ਦਾ ਕਤਲੇਆਮ 1991 ਵਿਚ ਆਜ਼ਾਦੀ ਦਾ ਐਲਾਨ ਕਰਨ ਤੋਂ ਬਾਅਦ ਦੇਸ਼ ਦੇ ਇਤਿਹਾਸ ਵਿਚ ਸੱਭ ਤੋਂ ਭਿਆਨਕ ਕਤਲੇਆਮ ਸੀ। 2017 ਦੇ ਸਮਾਲ ਆਰਮਜ਼ ਸਰਵੇਖਣ ਦੇ ਅਨੁਸਾਰ, ਕ੍ਰੋਏਸ਼ੀਆ ’ਚ ਪ੍ਰਤੀ 100 ਲੋਕਾਂ ’ਤੇ 13.2 ਬੰਦੂਕਾਂ ਹਨ, ਜੋ ਬੰਦੂਕ ਦੀ ਮਾਲਕੀ ਦੇ ਮਾਮਲੇ ’ਚ ਯੂਰਪ ’ਚ 25 ਵੇਂ ਸਥਾਨ ’ਤੇ ਹੈ।
ਪਿਛਲੇ ਸਾਲ ਗੁਆਂਢੀ ਦੇਸ਼ ਸਰਬੀਆ ਵਿਚ ਗੋਲੀਬਾਰੀ ਦੀਆਂ ਦੋ ਘਟਨਾਵਾਂ ਵਿਚ 18 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਕਈ ਸਰਬਾਂ ਨੇ ਸਰਕਾਰੀ ਮੁਆਫੀ ਦੇ ਹਿੱਸੇ ਵਜੋਂ ਹਜ਼ਾਰਾਂ ਰਜਿਸਟਰਡ ਅਤੇ ਗੈਰ-ਰਜਿਸਟਰਡ ਹਥਿਆਰ ਸੌਂਪੇ ਸਨ।
ਰਾਸ਼ਟਰਪਤੀ ਮਿਲਾਨੋਵਿਕ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਲਿਖਿਆ, “ਇਹ ਇੱਕ ਗੰਭੀਰ ਚੇਤਾਵਨੀ ਹੈ ਅਤੇ ਸਮਾਜ ਵਿੱਚ ਹਿੰਸਾ ਨੂੰ ਰੋਕਣ ਲਈ ਸਾਰੀਆਂ ਸੰਸਥਾਵਾਂ ਲਈ ਕਾਰਵਾਈ ਕਰਨ ਦਾ ਸੱਦਾ ਹੈ।” ਪ੍ਰਧਾਨ ਮੰਤਰੀ ਆਂਦਰੇਜ ਪਲੇਨਕੋਵਿਚ ਨੇ ਇਸ ਨੂੰ “ਭਿਆਨਕ ਹਮਲਾ” ਦੱਸਿਆ ਅਤੇ ਪ੍ਰਭਾਵਿਤ ਲੋਕਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਸਥਾਨਕ ਮੀਡੀਆ ਦੀਆਂ ਅਪੁਸ਼ਟ ਰਿਪੋਰਟਾਂ ਮੁਤਾਬਕ ਹਮਲਾਵਰ ਸਾਬਕਾ ਫ਼ੌਜੀ ਹੈ।