ਬਿਊਰੋ ਰਿਪੋਰਟ (ਕਾਠਮੰਡੂ, 8 ਸਤੰਬਰ 2025): ਨੇਪਾਲ ਵਿੱਚ ਚੱਲ ਰਹੇ ਵਿਰੋਧ-ਪ੍ਰਦਰਸ਼ਨ ਹਿੰਸਕ ਰੂਪ ਧਾਰ ਗਏ ਹਨ। ਅੱਜ ਤੱਕ 20 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 200 ਤੋਂ ਵੱਧ ਜ਼ਖ਼ਮੀ ਹਨ। ਵਧਦੇ ਦਬਾਅ ਵਿਚ ਨੇਪਾਲ ਦੇ ਗ੍ਰਹਿ ਮੰਤਰੀ ਰਮੇਸ਼ ਲੇਖਕ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਸੋਮਵਾਰ ਸਵੇਰੇ ਭ੍ਰਿਸ਼ਟਾਚਾਰ ਅਤੇ ਸੋਸ਼ਲ ਮੀਡੀਆ ਬੈਨ ਦੇ ਵਿਰੋਧ ਵਿੱਚ 12 ਹਜ਼ਾਰ ਤੋਂ ਵੱਧ ਪ੍ਰਦਰਸ਼ਨਕਾਰੀ ਸੰਸਦ ਭਵਨ ਕੰਪਲੈਕਸ ਵਿੱਚ ਦਾਖ਼ਲ ਹੋ ਗਏ, ਜਿਸ ਤੋਂ ਬਾਅਦ ਸੈਨਾ ਵੱਲੋਂ ਕਈ ਰਾਊਂਡ ਗੋਲੀਆਂ ਚਲਾਈਆਂ ਗਈਆਂ। ਇਸ ਵਿਰੋਧ ਦੀ ਅਗਵਾਈ ਜੈਨ-ਜ਼ੈੱਡ (18 ਤੋਂ 28 ਸਾਲ) ਦੇ ਨੌਜਵਾਨ ਕਰ ਰਹੇ ਹਨ।
ਕਾਠਮੰਡੂ ਪ੍ਰਸ਼ਾਸਨ ਨੇ ਸੰਸਦ ਭਵਨ, ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਨਿਵਾਸ ਦੇ ਨੇੜਲੇ ਇਲਾਕਿਆਂ ਵਿੱਚ ਕਰਫ਼ਿਊ ਲਗਾ ਦਿੱਤਾ ਹੈ। ਸਰਕਾਰ ਨੇ ਤੋੜਫੋੜ ਕਰਨ ਵਾਲਿਆਂ ਨੂੰ ਵੇਖਦੇ ਹੀ ਗੋਲ਼ੀ ਮਾਰਨ ਦੇ ਹੁਕਮ ਜਾਰੀ ਕੀਤੇ ਹਨ।
ਰਿਪੋਰਟਾਂ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਸੰਸਦ ਦੇ ਗੇਟ ਨੰਬਰ 1 ਅਤੇ 2 ’ਤੇ ਕਬਜ਼ਾ ਕਰ ਲਿਆ ਸੀ। ਇਹ ਨੇਪਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਸੰਸਦ ਵਿੱਚ ਘੁਸਪੈਠ ਕੀਤੀ ਗਈ ਹੈ। ਵਧਦੇ ਦਬਾਅ ਹੇਠ ਸਰਕਾਰ ਨੇ ਸੋਸ਼ਲ ਮੀਡੀਆ ਐਪਸ ’ਤੇ ਲਗਾਇਆ ਗਿਆ ਬੈਨ ਹਟਾ ਦਿੱਤਾ ਹੈ।