‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਵਾਇਰਸ ਦੇ ਲਗਾਤਾਰ ਮਾਮਲੇ ਵਧਣ ਤੇ ਸਰਕਾਰ ਦੇ ਦਾਵਿਆ ਦੀ ਪੋਲ ਵਿਦੇਸ਼ੀ ਅਖਬਾਰ ਖੋਲ੍ਹ ਰਹੇ ਹਨ। ਇਕ ਨਹੀਂ ਦਰਜਨ ਦੇ ਕਰੀਬ ਵਿਦੇਸ਼ੀ ਅਖਬਾਰਾਂ ਨੇ ਮੋਦੀ ਸਰਕਾਰ ਦੀਆਂ ਚੋਣ ਰੈਲੀਆਂ ਤੇ ਕੋਰੋਨਾ ਕਾਰਨ ਮਰ ਰਹੇ ਲੋਕਾਂ ਦੀਆਂ ਖਬਰਾਂ ਨੂੰ ਮੁੱਖ ਰੱਖ ਕੇ ਸਰਕਾਰ ਦੇ ਪ੍ਰਬੰਧਾਂ ਤੋਂ ਪਰਦੇ ਚੁੱਕੇ ਹਨ।
ਉੱਧਰ ‘ਬੇਬੁਨਿਆਦ, ਖਤਰਨਾਕ’ ਕਹਿ ਕੇ ਕੋਰੋਨਾ ਸੰਕਟ ਦੌਰਾਨ ਮੋਦੀ ਦੀ ਅਲੋਚਨਾਂ ਕਰਨ ਵਾਲੀ ਆਸਟ੍ਰੇਲੀਅਨ ਅਖਬਾਰ ਦੀ ਰਿਪੋਰਟ ਦੀ ਆਲੋਚਨਾ ਕਰਦਿਆਂ ਭਾਰਤ ਨੇ ਬੀਤੇ ਸੋਮਵਾਰ ਨੂੰ ਆਸਟਰੇਲੀਆਈ ਅਖਬਾਰ ਵਿਚ ਪ੍ਰਕਾਸ਼ਤ ਇਕ ਲੇਖ ਦਾ ਸਖਤ ਨੋਟਿਸ ਲਿਆ ਹੈ, ਜਿਸ ਵਿੱਚ ਦੇਸ਼ ਵਿਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਲਤ ਕਦਮ ਚੁੱਕਣ ਲਈ ਜ਼ਿੰਮੇਵਾਰ ਦੱਸਿਆ ਗਿਆ ਸੀ।
ਇਸ ਅਖਬਾਰ ਦੇ ਮੁੱਖ ਸੰਪਾਦਕ ਕ੍ਰਿਸਟੋਫਰ ਦੋਏ ਨੂੰ ਕੈਨਬਰਾ ਵਿੱਚ ਭਾਰਤੀ ਹਾਈਕਮਿਸ਼ਨ ਵੱਲੋਂ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਰਿਪੋਰਟ ਪੂਰੀ ਤਰ੍ਹਾਂ ਨਾਲ ਆਧਾਰ ਰਹਿਤ ਤੇ ਖਤਰਨਾਕ ਹੈ। ਕਮਿਸ਼ਨ ਨੇ ਅਖਬਾਰ ਨੂੰ ਬੇਨਤੀ ਕੀਤੀ ਹੈ ਕਿ ਇਸਨੂੰ ਮੁੜ ਤੋਂ ਛਾਪਿਆ ਜਾਵੇ।
ਕਮਿਸ਼ਨ ਨੇ ਕਿਹਾ ਹੈ ਕਿ ਇਸ ਵਿੱਚ ਅਜਿਹਾ ਲੱਗ ਰਿਹਾ ਹੈ ਕਿ ਇਹ ਰਿਪੋਰਟ ਸਿਰਫ ਇਕ ਉਦੇਸ਼ ਨਾਲ ਛਾਪੀ ਗਈ ਹੈ, ਜਿਸ ਵਿਚ ਕੋਰੋਨਾ ਮਹਾਂਮਾਰੀ ਵਿਰੁੱਧ ਲੜਨ ਲਈ ਭਾਰਤ ਸਰਕਾਰ ਦੁਆਰਾ ਚੁੱਕੇ ਗਏ ਆਲਮੀ ਪ੍ਰਸ਼ੰਸਾਯੋਗ ਕਦਮਾਂ ਨੂੰ ਨਿਸ਼ਾਨਾਂ ਬਣਾ ਕੇ ਲਿਖਿਆ ਗਿਆ ਹੈ।
ਫਿਲਿਪ ਸ਼ੇਰਵੈਲ ਦਾ ਇਹ ਲੇਖ ਸ਼ਨੀਵਾਰ ਨੂੰ ਦ ਟਾਇਮਸ ਵਿਚ ਛਪਿਆ ਹੈ, ਜਿਸਦਾ ਸਿਰਲੇਖ ਹੈ, ਮੋਦੀ ਭਾਰਤ ਨੂੰ ਲੌਕਡਾਉਨ ਅਤੇ ਕੋਰੋਨਾ ਦੀ ਕਿਆਮਤ ਦੀ ਹੱਦ ਤੱਕ ਲੈ ਗਿਆ ਹੈ। ਇਹ ਇਕ ਦਿਨ ਬਾਅਦ ਅਸਟ੍ਰੇਲੀਅਨ ਡੇਲੀ ਵਿਚ ਵੀ ਛਾਪਿਆ ਗਿਆ, ਜਿਸਦਾ ਸਿਰਲੇਖ ਸੀ, ਮੋਦੀ ਭਾਰਤ ਨੂੰ ਇਕ ਵਾਇਰਲ ਦੀ ਕਿਆਮਤ ਤੱਕ ਲੈ ਗਿਆ ਹੈ। ਇਹ ਲੇਖ ਹੋਰ ਵਿਦੇਸ਼ੀ ਅਖਬਾਰਾਂ ਜਿਵੇਂ ਕਿ ਗਾਰਜੀਅਨ, ਦ ਨਿਊਯਾਰਕ ਟਾਇਮਸ ਤੇ ਹਾਰੇਟਜ਼ ਤੋਂ ਜ਼ਿਆਦਾ ਵੱਖਰਾ ਨਹੀਂ ਸੀ। ਇਨ੍ਹਾਂ ਲੇਖਾਂ ਵਿਚ ਮੋਦੀ ਨੂੰ ਇਕ ਹਿੰਦੂ ਰਾਸ਼ਟਰਵਾਦੀ ਵਜੋਂ ਪ੍ਰਭਾਸ਼ਿਤ ਕੀਤਾ ਗਿਆ ਸੀ, ਜਿਹੜਾ ਓਵਰ ਕਾਨਫੀਡੈਂਸ ਤੋਂ ਗ੍ਰਸਤ ਹੈ। ਇਸ ਵਿਚ ਕਿਹਾ ਹੈ ਕਿ ਉਹ ਹੰਕਾਰੀ ਅਤੇ ਅਯੋਗ ਸਰਕਾਰ ਦਾ ਮੁਖੀਆ ਹੈ।
‘ਦ ਆਸਟ੍ਰੇਲਿਅਨ ਅਖਬਾਰ ਵਲੋਂ ਛਾਪੇ ਇਕ ਲੇਖ ਵਿਚ ਸ਼ੇਰਵੈਲ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਹੈ। ਅਸਟ੍ਰੇਲੀਆਈ ਅਖਬਾਰ ਦੁਆਰਾ ਜਾਰੀ ਲੇਖ ਵਿੱਚ ਸ਼ੇਰਵੈਲ ਨੇ ਕੇਂਦਰ ਨੂੰ ਹੰਕਾਰੀ, ਰਾਸ਼ਟਰਵਾਦੀ ਰਾਜਨੀਤੀ, ਮਾੜੀ ਸਿਹਤ ਸਿਸਟਮ ਅਤੇ “ਰੋਕਥਾਮ ਉੱਤੇ ਆਰਥਿਕਤਾ ਨੂੰ ਉਤਸ਼ਾਹਤ ਕਰਨ ਵੱਲ ਇਸ਼ਾਰਾ ਵੀ ਕੀਤਾ। ਐਨਡੀਟੀਵੀ ਦੇ ਅਨੁਸਾਰ ਭਾਰਤ ਸੰਕਟ ਵਿਚ ਹੈ।
ਉਨ੍ਹਾਂ ਨੇ ਹੰਕਾਰ, ਅੱਤ ਰਾਸ਼ਟਰਵਾਦੀ ਤੇ ਨੌਕਰਸ਼ਾਹੀ ਦੀ ਅਯੋਗਤਾ ਦਾ ਵੀ ਜਿਕਰ ਕੀਤਾ ਹੈ। ਅਲੋਚਕਾ ਨੇ ਕਿਹਾ ਕਿ ਭਾਰਤ ਵਿਚ ਭੀੜ ਪੀਐਮ ਨੂੰ ਪਸੰਦ ਕਰਦੀ ਹੈ ਪਰ ਨਾਗਰਿਕ ਹਾਲੇ ਵੀ ਘੁਟ ਵੀ ਰਹੇ ਹਨ। ਇਸ ਵਿਚ ਕੁੰਭ ਮੇਲੇ ਦਾ ਵੀ ਜਿਕਰ ਹੈ ਕਿ ਕਿਵੇਂ ਸਰਕਾਰ ਨੇ ਇਸਦੀ ਮਨਜੂਰੀ ਦਿਤੀ ਹੈ। ਇੱਥੋਂ ਤੱਕ ਕਿ ਪੀਐਮ ਆਪ ਰੈਲੀਆਂ ਕਰ ਰਹੇ ਹਨ, ਜਿਥੇ ਹਜ਼ਾਰਾ ਲੋਕ ਬਿਨਾਂ ਮਾਸਕ ਦੇ ਹਨ।
ਲੇਖ ਵਿਚ ਲਿਖਿਆ ਹੈ ਕਿ ਮੋਦੀ ਆਪਣੀ ਇਨ੍ਹਾਂ ਰੈਲੀਆਂ ਦੀ ਖੁਸ਼ੀ ਵੀ ਲੁਕੋ ਨਹੀਂ ਸਕੇ। ਉਨ੍ਹਾਂ ਪੱਛਮੀ ਬੰਗਾਲ ਦੀ ਇਕ ਰੈਲੀ ਵਿਚ ਕਿਹਾ ਕਿ ਉਨ੍ਹਾਂ ਨੇ ਇੰਨੀ ਜਿਆਦਾ ਭੀੜ ਕਦੇ ਨਹੀਂ ਦੇਖੀ ਹੈ ਤੇ ਲੋਕਾਂ ਨੇ ਕਮਾਲ ਕਰ ਦਿੱਤਾ ਹੈ।
ਹੋਰ ਵੀ ਅੰਤਰਰਾਸ਼ਟਰੀ ਪ੍ਰਕਾਸ਼ਕਾਂ ਨੇ ਇਸ ਮੁੱਦੇ ‘ਤੇ ਲਿਖਿਆ ਹੈ ਤੇ ਕੋਰੋਨਾ ਦੇ ਸੰਕਟ ਨਾਲ ਨਿੱਬੜਨ ਲਈ ਮੋਦੀ ਦੀ ਅਲੋਚਨਾ ਕੀਤੀ ਹੈ। ਇਨ੍ਹਾਂ ਲਿਖਿਆ ਹੈ ਕਿ ਸਾਸ਼ਨ ਤੇ ਸ਼ਾਲੀਨਤਾ ਦੀ ਕਮੀ ਕਾਰਨ ਭਾਰਤ ਮਨੁੱਖੀ ਸੰਕਟ ਵਿਚ ਘਿਰ ਗਿਆ ਹੈ।
ਗਾਰਜੀਅਨ ਨੇ ਲਿਖਿਆ ਹੈ ਕਿ ਭਾਰਤ ਹੁਣ ਨਰਕ ਵਿਚ ਜੀ ਰਿਹਾ ਹੈ। ਗਾਰਜੀਅਨ ਵਿਚ ਇਹ ਸੰਪਾਦਕੀ 23 ਅਪ੍ਰੈਲ ਨੂੰ ਛਾਪੀ ਗਈ ਹੈ। ਨਿਊਜ ਪੇਪਰ ਨੇ ਇੱਥੋਂ ਤੱਕ ਕਿਹਾ ਹੈ ਕਿ ਟ੍ਰੰਪ ਵਾਂਗ ਭਾਰਤ ਦਾ ਪ੍ਰਧਾਨ ਮੰਤਰੀ ਰੈਲੀਆਂ ਨਹੀਂ ਛੱਡ ਸਕਦਾ ਜਦੋਂ ਕਿ ਮਹਾਂਮਾਰੀ ਫੈਲ ਗਈ ਹੈ। ਇਸ ਵਿਚ ਲਿਖਿਆ ਗਿਆ ਹੈ ਕਿ ਭਾਰਤ ਵਿਚ ਪੰਜ ਸੂਬਿਆਂ ਦੀਆਂ ਚੋਣਾਂ ਹੋ ਰਹੀਆਂ ਹਨ ਤੇ ਮੋਦੀ ਨੇ ਬੇਮਿਸਾਲ ਰੈਲੀਆਂ ਕੀਤੀਆ ਹਨ। ਅਖਬਾਰ ਨੇ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਅਤਿ ਆਤਮਵਿਸ਼ਵਾਸ ਨਾਲ ਗ੍ਰਸਤ ਹੈ। ਅਖਬਾਰ ਨੇ ਕਿਹਾ ਕਿ ਉਸਨੂੰ ਸਵੀਕਾਰ ਕਰਨਾ ਚਾਹੀਦਾ ਹੈ ਤੇ ਇਸ ਤੇ ਦੁਖ ਮਹਿਸੂਸ ਕਰਦਿਆਂ ਮੁੜ ਤੋਂ ਵਿਚਾਰ ਕਰਨਾ ਚਾਹੀਦਾ ਹੈ। ਰੋਕਾਂ ਨੂੰ ਕਿਵੇਂ ਬਰਕਾਰ ਰੱਖਣਾ ਹੈ, ਉਸਨੂੰ ਮਾਹਿਰਾਂ ਨਾਲ ਜੁੜਨ ਦੀ ਲੋੜ ਹੈ ਤੇ ਸੰਪਰਵਾਦੀ ਵਿਚਾਰਧਾਰਾ ਛੱਡ ਦੇਣੀ ਚਾਹੀਦੀ ਹੈ।
ਇਜਰਾਇਲ ਦੇ ਦੈਨਿਕ ਹੈਰਲਡ ਨੇ ਲਿਖਿਆ ਹੈ ਕਿ ਭਾਰਤ ਦੀ ਤ੍ਰਾਸਦੀ ਸਵੀਕਾਰ ਕਰਨ ਨੂੰ ਔਖਾ ਬਣਾ ਦਿਤਾ ਗਿਆ ਹੈ। ਸਰਕਾਰ ਕੋਲ ਤਿਆਰੀ ਲਈ ਬਹੁਤ ਸਮਾਂ ਸੀ। ਸਮਚਾਰ ਪੱਤਰਾਂ ਨੇ ਲਿਖਿਆ ਕਿ ਨਰੇਂਦਰ ਮੋਦੀ ਖਬਰ ਨੂੰ ਸੈਂਸਰ ਕਰਨ ਤੇ ਮੌਤ ਦਰ ਘੱਟ ਕਰਨ ਦੀਆਂ ਕੋਸ਼ਿਸ਼ਾਂ ਤੇ ਆਪਣੀ ਅਸਫਲਤਾ ਨੂੰ ਲੁਕੋ ਨਹੀਂ ਸਕਦੇ। ਇਸ ਵਿਚ ਕਿਹਾ ਹੈ ਕਿ ਲੋਕ ਮਰ ਰਹੇ ਹਨ, ਮਰ ਰਹੇ ਹਨ ਤੇ ਬਸ ਮਰ ਰਹੇ ਹਨ।
ਰੇਡੀਓ ਫ੍ਰਾਂਸ਼ ਇੰਟਰਨੈਸ਼ਨਲ ਨੇ ਆਪਣੇ ਇਕ ਕਾਲਮ ਵਿਚ ਕਿਹਾ ਹੈ ਕਿ ਭਾਰਤ ਵਿਚ ਸਿਹਤ ਮੂੱਧੇ ਮੂੰਹ ਡਿਗੀ ਹੈ। ਲੇਖ ‘ਚ ਕਿਹਾ ਹੈ ਕਿ ਮੁੱਖ ਦੋਸ਼ੀ ਨਰਿੰਦਰ ਮੋਦੀ ਹੈ।
ਨਿਊਯਾਰਕ ਨੇ ਲਿਖਿਆ ਹੈ ਕਿ ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਬਿਲਕੁਲ ਕੰਟਰੋਲ ਤੋਂ ਬਾਹਰ ਹੈ।
ਇਨ੍ਹਾਂ ਰਿਪੋਰਟਾਂ ਤੇ ਭਾਰਤੀ ਹਾਈ ਕਮਿਸ਼ਨ ਨੇ ਦਾਅਵਾ ਕੀਤਾ ਹੈ ਕਿ ਲੇਖ ਵਿਚ ਹੈਰਾਨ ਕਰਨ ਵਾਲੇ ਦੋਸ਼ ਲਗਾਏ ਗਏ ਹਨ। ਕਮਿਸ਼ਨ ਦੇ ਪੱਤਰ ਵਿਚ ਦਾਅਵਾ ਹੈ ਕਿ ਭਾਰਤ ਸਰਕਾਰ ਲਈ ਹਰੇਕ ਨਾਗਰਿਕ ਦਾ ਕਲਿਆਣ ਕਰਨ ਲਈ ਪਹਿਲਕਦਮੀ ਨੂੰ ਫਰਜ ਸਮਝਦੀ ਹੈ।
ਸੋਸ਼ਲ ਮੀਡੀਆ ਤੇ ਕਮਿਸ਼ਨ ਦੇ ਜਵਾਬ ਤੇ ਲੋਕਾਂ ਦਾ ਰਿਐਕਸ਼ਨ
ਇਸ ‘ਤੇ ਭਾਰਤੀ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਸਵਾਲ ਚੁੱਕੇ ਹਨ ਕਿ ਆਸਟ੍ਰੇਲਿਨ ਲੇਖ ‘ਤੇ ਸਵਾਲ ਦਾ ਸਰਕਾਰ ਦਾ ਆਪਣਾ ਕੀ ਆਧਾਰ ਕੀ ਹੈ, ਜਦੋਂ ਕਿ ਸੱਚਾਈ ਹਾਲਾਤਾਂ ਨੇ ਸਾਬਿਤ ਕਰ ਦਿੱਤੀ ।
ਇਕ ਵਿਅਕਤੀ ਨੇ ਟਵੀਟ ਕੀਤਾ ਹੈ ਕਿ ਇਹ ਰਿਪੋਰਟ ਬਿਲਕੁਲ ਸਹੀ ਹੈ। ਇਕ ਵਿਅਕਤੀ ਨੇ ਲਿਖਿਆ ਕਿ ਅੱਜ ਬੀਜੇਪੀ ਦੇ ਲੀਡਰ ਪੱਛਮੀ ਬੰਗਾਲ ਦੇ ਇਲੈਕਸ਼ਨਾਂ ਲਈ ਰੈਲੀਆਂ ਕਰ ਰਹੇ ਸਨ। ਕਈ ਲੋਕਾਂ ਨੇ ਮੋਦੀ ਦੀਆਂ ਰੈਲੀਆਂ ਨਾਲ ਜੁੜੀਆਂ ਵੀਡੀਓਜ ਵੀ ਸਾਂਝੀਆਂ ਕੀਤੀ ਹਨ, ਜੋ ਪੱਛਮੀ ਬੰਗਾਲ ਨਾਲ ਸੰਬੰਧਤ ਹਨ। ਇਸ ਵਿਚ ਕਈ ਮੋਦੀ ਦੇ ਸਪੋਟਰ ਬਿਨਾ ਮਾਸਕ ਤੇ ਸਮਾਜਿਕ ਦੂਰੀ ਦੇ ਦਿਖਾਈ ਦੇ ਰਹੇ ਹਨ। ਇਕ ਵਿਅਕਤੀ ਨੇ ਲਿਖਿਆ ਹੈ…ਕੀ ਇਹ ਉਹੀ ਹੈ ਜੋ ਦਿਖ ਰਿਹਾ ਹੈ ਕਿ ਚੋਣ ਰੈਲੀਆਂ ‘ਤੇ ਰੋਕ ਲੱਗੀ ਹੋਈ ਹੈ।