ਬਿਊਰੋ ਰਿਪੋਰਟ (ਲੁਧਿਆਣਾ, 21 ਨਵੰਬਰ 2025): ਲੁਧਿਆਣਾ ਵਿੱਚ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲੀ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 13 ਸਾਲਾ ਨਾਬਾਲਗ ਲੜਕੀ ਨਾਲ ਉਸਦੇ ਪਿਤਾ ਨੇ ਹੀ ਕਥਿਤ ਤੌਰ ’ਤੇ ਬਲਾਤਕਾਰ ਕੀਤਾ। ਪੀੜਤਾ ਦੀ ਮਾਂ ਦੀ ਸ਼ਿਕਾਇਤ ’ਤੇ ਪੁਲਿਸ ਨੇ ਮੁਲਜ਼ਮ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੇਟ ਦਰਦ ਕਾਰਨ ਹੋਇਆ ਖ਼ੁਲਾਸਾ
ਪੀੜਤਾ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਬੇਟੀ ਨੂੰ ਲਗਾਤਾਰ ਪੇਟ ਵਿੱਚ ਦਰਦ ਹੋ ਰਿਹਾ ਸੀ, ਜਿਸ ਕਾਰਨ ਉਸਨੂੰ ਡਾਕਟਰੀ ਜਾਂਚ ਲਈ ਲਿਜਾਇਆ ਗਿਆ। ਜਾਂਚ ਦੌਰਾਨ ਡਾਕਟਰਾਂ ਨੇ ਦੱਸਿਆ ਕਿ ਲੜਕੀ ਗਰਭਵਤੀ ਹੈ।
ਪੀੜਤਾ ਤੋਂ ਪੁੱਛਗਿੱਛ ਕਰਨ ’ਤੇ ਉਸਨੇ ਆਪਣੀ ਮਾਂ ਨੂੰ ਦੱਸਿਆ ਕਿ ਲਗਭਗ ਚਾਰ ਮਹੀਨੇ ਪਹਿਲਾਂ ਉਸਦਾ ਪਿਤਾ (ਮੁਲਜ਼ਮ) ਉਸਨੂੰ ਆਪਣੀ ਫੈਕਟਰੀ ਲੈ ਗਿਆ ਸੀ, ਜਿੱਥੇ ਉਸਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਪੀੜਤਾ ਦੀ ਮਾਂ ਅਨੁਸਾਰ, ਮੁਲਜ਼ਮ ਪਿਤਾ ਨੇ ਉਸ ਨਾਲ ਕਈ ਵਾਰ ਗ਼ਲਤ ਕੰਮ ਕੀਤਾ, ਜਿਸ ਕਾਰਨ ਲੜਕੀ ਹੁਣ 4 ਮਹੀਨਿਆਂ ਦੀ ਗਰਭਵਤੀ ਹੈ।
ਪੁਲਿਸ ਨੇ ਪੋਕਸੋ ਐਕਟ ਤਹਿਤ ਕੀਤਾ ਮਾਮਲਾ ਦਰਜ
ਇਸ ਮਾਮਲੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਪਿਤਾ ਖ਼ਿਲਾਫ਼ ਬਲਾਤਕਾਰ ਅਤੇ ਪੋਕਸੋ ਐਕਟ (POCSO Act) ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇਗੀ।

