ਅੰਮ੍ਰਿਤਸਰ : ਹਮੇਸ਼ਾਂ ਹੀ ਵਿਵਾਦਾਂ ਵਿੱਚ ਰਹਿਣ ਵਾਲੀ ਭਾਜਪਾ ਸਾਂਸਦ ਤੇ ਅਦਾਕਾਰਾ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਕੰਗਨਾ ਰਣੌਤ ਨੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਦੱਸਿਆ ਹੈ ਤੇ ਕਿਹਾ ਕਿ ਉਹਨਾਂ ਦੀ ਫਿਲਮ ਐਮਰਜੈਂਸੀ ਉੱਤੇ ਸਿਰਫ਼ ਕੁਝ ਕੁ ਲੋਕ ਹੀ ਇਤਰਾਜ਼ ਜਤਾ ਰਹੇ ਹਨ ਤੇ ਉਹ ਦੇਸ਼ ਨੂੰ ਸਾੜ ਦੇਣ ਦੀਆਂ ਧਮਕੀਆਂ ਦੇ ਰਹੇ ਹਨ ਤੇ ਮੈਨੂੰ ਵੀ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।
ਕੰਗਨਾ ਦੇ ਇਸ ਬਿਆਨ ਦੀ ਸਿਆਸੀ ਅਤੇ ਧਾਰਮਿਕ ਆਗੂਆਂ ਨੇ ਸਖ਼ਤ ਨਿਖੇਧੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ News18 ਉੱਤੇ ਕੰਗਨਾ ਰਣੌਤ ਵੱਲੋਂ ਇੰਟਰਵਿਊ ਦੌਰਾਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਲਈ ਵਰਤੀ ਸ਼ਬਦਾਵਲੀ ਦਾ ਮੈਂ ਕਰੜਾ ਵਿਰੋਧ ਕਰਦਾ ਹਾਂ।
ਵਲਟੋਹਾ ਨੇ ਕਿਹਾ ਕਿ ਜੇ ਏਹਦੇ ਘਰਦਿਆਂ ‘ਚ ਇਸਨੂੰ ਰੋਕਣ ਦੀ ਜੁਰਅਤ ਹੈਨੀ ਤਾਂ ਘੱਟੋ ਘੱਟ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਹੀ ਇਸਨੂੰ ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਨਾਲ ਖੇਡਣ ਤੋਂ ਰੋਕ ਲਵੇ।ਸੰਤ ਭਿੰਡਰਾਂਵਾਲਿਆਂ ਬਾਰੇ ਇਸ ਵੱਲੋਂ ਬੋਲੇ ਬੋਲ ਹਰ ਸਿੱਖ ਨੂੰ ਚੁੱਭਣ ਤੇ ਦੁੱਖ ਦੇਣ ਵਾਲੇ ਹਨ।
ਉਨ੍ਹਾਂ ਨੇ ਕਿਹਾ ਕਿ ਸੰਤ ਭਿੰਡਰਾਂਵਾਲੇ ਕੌਣ ਸਨ ਤੇ ਸਿੱਖ ਕੌਮ ਵਿੱਚ ਉਹਨਾਂ ਦਾ ਕੀ ਸਥਾਨ ਹੈ ਉਸ ਬਾਬਤ ਇਸ ਬੀਬੀ ਕੰਗਨਾ ਤੋਂ ਸਰਟੀਫਿਕੇਟ ਦੀ ਲੋੜ ਨਹੀਂ।] ਇਸਨੂੰ ਤੇ ਇਸ ਵਰਗੀਆਂ ਹੋਰ ਜਿਣਸਾਂ ਨੂੰ ਸਪੱਸ਼ਟ ਕਰ ਦੇਈਏ ਕਿ ਸੰਤ ਭਿਡਰਾਂਵਾਲੇ ਸਿੱਖਾਂ ਲਈ ਇੱਕ ਸੰਤ,ਮਹਾਨ ਯੋਧੇ,ਮਹਾਨ ਸ਼ਹੀਦ ਤੇ ਵੀਹਵੀਂ ਸਦੀ ਦੇ ਮਹਾਨ ਸਿੱਖ ਹਨ।ਇਹ ਦਰਜਾ ਉਨਾਂ ਨੂੰ ਸਰਵਉੱਚ ਤਖ਼ਤ ਸ਼੍ਰੀ ਅਕਾਲ ਤਖਤ ਸਾਹਿਬ ਨੇ ਦਿੱਤਾ ਹੈ।
‘ਭਿੰਡਰਾਂਵਾਲਾ ਸੰਤ ਨਹੀਂ’
ਦੱਸ ਦਈਏ ਕਿ ਇੰਟਰਵਿਊ ਦੌਰਾਨ ਕੰਗਨਾ ਰਣੌਤ ਨੇ ਕਿਹਾ ਕਿ ਕੁਝ ਲੋਕ ਕਹਿੰਦੇ ਹਨ ਕਿ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਾਲੇ ਇੱਕ ਸੰਤ ਹਨ ਤੇ ਉਹ ਇੱਕ ਮਹਾਨ ਕ੍ਰਾਂਤੀਕਾਰੀ ਸਨ। ਪਰ ਮੇਰਾ ਇਹ ਮੰਨਣਾ ਹੈ ਕਿ ਜੋ ਮੰਦਰ ਵਿੱਚ ਏਕੇ 47 ਲੈ ਕੇ ਲੁਕ ਕੇ ਬੈਠਾ ਹੋਵੇ ਉਹ ਸੰਤ ਨਹੀਂ ਹੋ ਸਕਦਾ ਹੈ। ਉਸ ਸਮੇਂ ਉਹਨਾਂ ਨੂੰ ਅਜਿਹੇ ਮਾਰੂ ਹਥਿਆਰ ਸਨ ਜੋ ਸਿਰਫ਼ ਅਮਰੀਕਨ ਫੌਜ ਕੋਲ ਸਨ। ਕੰਗਨਾ ਨੇ ਕਿਹਾ ਕਿ ਖਾਲਿਸਤਾਨੀਆਂ ਨੂੰ ਸਰਕਾਰ ਨੇ ਕਦੋਂ ਦਾ ਅੱਤਵਾਦੀ ਐਲਾਨਿਆਂ ਹੋਇਆ ਹੈ।
‘ਜਰਨੈਲ ਸਿੰਘ ਭਿੰਡਰਾਂਵਾਲਾ ਇੱਕ ਅੱਤਵਾਦੀ’
ਕੰਗਨਾ ਰਣੌਤ ਨੇ ਕਿਹਾ ਸੀ ਕਿ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਦੇਸ਼ ਅਤੇ ਪੰਜਾਬ ਦੇ ਬਹੁਗਿਣਤੀ ਲੋਕ ਸੰਤ ਮੰਨਦੇ ਹਨ, ਉਹ ਇੱਕ ਅੱਤਵਾਦੀ ਹੈ। ਜੇਕਰ ਜਰਨੈਲ ਸਿੰਘ ਭਿੰਡਰਾਂਵਾਲਾ ਇੱਕ ਅੱਤਵਾਦੀ ਹੈ ਤਾਂ ਮੇਰੀ ਫਿਲਮ ਆਉਣੀ ਚਾਹੀਦੀ ਹੈ।