India International

UN ‘ਚ ਪਾਕਿਸਤਾਨ ਨੂੰ ਝਟਕਾ; ਹਾਫਿਜ਼ ਸਈਦ ਦੇ ਜੀਜੇ ਬਾਰੇ ਆਇਆ ਵੱਡਾ ਫੈਸਲਾ, ਜਾਣੋ ਪੂਰਾ ਮਾਮਲਾ

Shock to Pakistan in UN; Hafiz Saeed's brother-in-law declared a global terrorist

New York : ਪਾਕਿਸਤਾਨ ਦੇ ਅੱਤਵਾਦੀ ਅਬਦੁਲ ਰਹਿਮਾਨ ਮੱਕੀ (Abdul Rehman Makki) ਨੂੰ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਨੇ ਗਲੋਬਲ ਅੱਤਵਾਦੀਆਂ (Global Terrorist) ਦੀ ਸੂਚੀ ‘ਚ ਪਾ ਦਿੱਤਾ ਹੈ। ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ ਚੀਨ ਵੱਲੋਂ ਪਿਛਲੇ ਸਾਲ ਜੂਨ ‘ਚ ਪ੍ਰਸਤਾਵ ‘ਤੇ ਰੋਕ ਲਗਾਉਣ ਤੋਂ ਬਾਅਦ ਭਾਰਤ ਨੂੰ ਇਹ ਵੱਡੀ ਸਫਲਤਾ ਮਿਲੀ ਹੈ।

ਸੰਯੁਕਤ ਰਾਸ਼ਟਰ (United Nations) ਨੇ ਆਪਣੇ ਬਿਆਨ ਵਿੱਚ ਕਿਹਾ ਕਿ 16 ਜਨਵਰੀ 2023 ਨੂੰ ਸੁਰੱਖਿਆ ਪ੍ਰੀਸ਼ਦ ਦੀ ਕਮੇਟੀ ਨੇ ਆਈਐਸਆਈਐਲ (ਦਾਏਸ਼), ਅਲ-ਕਾਇਦਾ ਅਤੇ ਸਬੰਧਤ ਵਿਅਕਤੀਆਂ ਨਾਲ ਸਬੰਧਤ ਮਤੇ 1267 (1999), 1989 (2011) ਅਤੇ 2253 (2015) ਨੂੰ ਅਪਣਾਇਆ ਸੀ। ਇਸ ਦੇ ਮੁਤਾਬਿਕ ਅੱਤਵਾਦੀ ਅਬਦੁਲ ਰਹਿਮਾਨ ਮੱਕੀ ਨੂੰ ਗਲੋਬਲ ਅੱਤਵਾਦੀਆਂ ਦੀ ਸੂਚੀ ‘ਚ ਪਾ ਦਿੱਤਾ ਗਿਆ ਹੈ।

ਮੱਕੀ ਨੂੰ ਇੱਕ ਖ਼ੌਫ਼ਨਾਕ ਅੱਤਵਾਦੀ ਵਜੋਂ ਜਾਣਿਆ ਜਾਂਦਾ ਹੈ, ਜੋ ਨੌਜਵਾਨਾਂ ਨੂੰ ਜੰਮੂ ਅਤੇ ਕਸ਼ਮੀਰ ਵਿੱਚ ਕੱਟੜਪੰਥੀ ਬਣਾਉਣ ਲਈ ਪੈਸਾ ਇਕੱਠਾ ਕਰਨ, ਭਰਤੀ ਕਰਨ ਅਤੇ ਹਮਲਿਆਂ ਦੀ ਯੋਜਨਾ ਬਣਾਉਣ ਦੇ ਮਿਸ਼ਨ ‘ਤੇ ਕੰਮ ਕਰ ਰਿਹਾ ਹੈ। ਮੱਕੀ ਨੂੰ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦੁਆਰਾ ਪਹਿਲਾਂ ਹੀ ਇੱਕ ਅੱਤਵਾਦੀ ਦੇ ਰੂਪ ਵਿੱਚ ਸੂਚੀਬੱਧ ਕੀਤਾ ਗਿਆ ਹੈ, ਨਾਲ ਹੀ ਮੱਕੀ ਲਸ਼ਕਰ-ਏ-ਤੋਇਬਾ (LeT) ਦੇ ਮੁਖੀ ਅਤੇ 26/11 ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦਾ ਜੀਜਾ ਹੈ ਅਤੇ ਅੱਤਵਾਦੀ ਸੰਗਠਨ ਦੇ ਅੰਦਰ ਕਈ ਸੀਨੀਅਰ ਭੂਮਿਕਾਵਾਂ ਵਿੱਚ ਕੰਮ ਕਰਦਾ ਰਿਹਾ ਹੈ।
ਇਸ ਵਾਰ ਚੀਨ ਨੇ ਕੋਈ ਰੁਕਾਵਟ ਨਹੀਂ ਪਾਈ।

ਅਮਰੀਕੀ ਵਿਦੇਸ਼ ਵਿਭਾਗ ਦੇ ਅਨੁਸਾਰ, 2020 ਵਿੱਚ, ਇੱਕ ਪਾਕਿਸਤਾਨੀ ਅੱਤਵਾਦ ਵਿਰੋਧੀ ਅਦਾਲਤ ਨੇ ਮੱਕੀ ਨੂੰ ਅੱਤਵਾਦ ਫੰਡਿੰਗ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਅਤੇ ਉਸਨੂੰ ਜੇਲ੍ਹ ਦੀ ਸਜ਼ਾ ਸੁਣਾਈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਮੌਕਿਆਂ ‘ਤੇ ਚੀਨ ਪਾਕਿਸਤਾਨ ਤੋਂ ਆ ਰਹੇ ਅੱਤਵਾਦੀਆਂ ਦੇ ਖਿਲਾਫ ਆਉਣ ਵਾਲੇ ਪ੍ਰਸਤਾਵਾਂ ‘ਤੇ ਰੋਕ ਲਗਾ ਰਿਹਾ ਸੀ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ 1267 ਅਲ-ਕਾਇਦਾ ਪਾਬੰਦੀ ਕਮੇਟੀ ਦੇ ਤਹਿਤ ਮੱਕੀ ਨੂੰ ਸੂਚੀਬੱਧ ਕਰਨ ਲਈ ਭਾਰਤ ਅਤੇ ਅਮਰੀਕਾ ਦੇ ਸਾਂਝੇ ਪ੍ਰਸਤਾਵ ਨੂੰ ਚੀਨ ਨੇ ਪਿਛਲੇ ਸਾਲ ਜੂਨ ਵਿੱਚ ਆਖਰੀ ਸਮੇਂ ਵਿੱਚ ਰੋਕ ਦਿੱਤਾ ਸੀ। ਚੀਨ ਹਰ ਵਾਰ ਅੜਿੱਕਾ ਪਾਉਂਦਾ ਸੀ ਪਰ ਇਸ ਵਾਰ ਅਜਿਹਾ ਨਹੀਂ ਕੀਤਾ। ਹਾਲਾਂਕਿ ਇਸ ਵਾਰ ਮੱਕੀ ਨੂੰ ਅੱਤਵਾਦੀ ਸੂਚੀ ‘ਚ ਸ਼ਾਮਲ ਕਰਨਾ ਭਾਰਤ ਦੀ ਵੱਡੀ ਜਿੱਤ ਮੰਨੀ ਜਾ ਰਹੀ ਹੈ।