ਸ੍ਰੀ ਮੁਕਤਸਰ ਸਾਹਿਬ ਵਿੱਚ ਹਾਲ ਹੀ ਵਿੱਚ ਸ਼ਿਵ ਸੈਨਾ ਦੇ ਕੁਝ ਆਗੂਆਂ ਅਤੇ ਵਰਕਰਾਂ ਵੱਲੋਂ ਸਿੱਖ ਨੌਜਵਾਨ ਗੁਰਵਿੰਦਰ ਸਿੰਘ ‘ਤੇ ਹਸਪਤਾਲ ਜਾਂਦੇ ਸਮੇਂ ਬੁਰੀ ਤਰ੍ਹਾਂ ਕੁੱਟਮਾਰ ਦੀ ਘਟਨਾ ਵਾਪਰੀ। ਇਹ ਹਮਲਾ ਉਦੋਂ ਹੋਇਆ ਜਦੋਂ ਸ਼ਿਵ ਸੈਨਾ ਦੇ ਮੈਂਬਰ ਬੱਸ ਸਟੈਂਡ ਨੇੜੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਧਰਨੇ ‘ਤੇ ਬੈਠੇ ਸਨ ਅਤੇ ਸੜਕ ਜਾਮ ਕੀਤੀ ਸੀ। ਇਸ ਦੌਰਾਨ ਗੁਰਵਿੰਦਰ ਸਿੰਘ, ਜੋ ਆਪਣੇ ਰਿਸ਼ਤੇਦਾਰ ਨੂੰ ਮਿਲਣ ਹਸਪਤਾਲ ਜਾ ਰਿਹਾ ਸੀ, ਨਾਲ ਝਗੜਾ ਹੋਇਆ, ਜਿਸ ਤੋਂ ਬਾਅਦ ਸ਼ਿਵ ਸੈਨਾ ਵਰਕਰਾਂ ਨੇ ਉਸ ‘ਤੇ ਹਮਲਾ ਕਰ ਦਿੱਤਾ।
ਹੈਰਾਨੀ ਦੀ ਗੱਲ ਹੈ ਕਿ ਇਹ ਹਮਲਾ ਪੁਲਿਸ ਦੀ ਮੌਜੂਦਗੀ ਵਿੱਚ ਹੋਇਆ, ਜਿਸ ਨੇ ਸ਼ਿਵ ਸੈਨਾ ਆਗੂ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੋਈ ਸੀ। ਹਮਲੇ ਵਿੱਚ ਗੁਰਵਿੰਦਰ ਦੇ ਕੱਪੜੇ ਪਾੜੇ ਗਏ ਅਤੇ ਉਹ ਗੰਭੀਰ ਜ਼ਖਮੀ ਹੋਇਆ, ਜਿਸ ਕਾਰਨ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
Violence in Muktsar Sahib
Sikh youth Gurwinder Singh was brutally attacked by Shiv Sena members led by local leader Rajesh Garg while on his way to the hospital to meet a relative. The group had blocked the road without prior notice and staged a dharna, leading to an altercation.… pic.twitter.com/NWfo5TeUJv— Gagandeep Singh (@Gagan4344) June 11, 2025
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਅਤੇ ਸਮਾਜ ਵਿੱਚ ਭਾਰੀ ਰੋਸ ਪੈਦਾ ਹੋਇਆ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਮਾਮਲੇ ਦਾ ਸਖਤ ਨੋਟਿਸ ਲਿਆ ਅਤੇ ਪੀੜਤ ਨੌਜਵਾਨ ਨਾਲ ਫੋਨ ‘ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਨਾਲ ਵੀ ਸੰਪਰਕ ਕਰਕੇ ਸਖਤ ਕਾਰਵਾਈ ਦੀ ਮੰਗ ਕੀਤੀ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਾਈ ਬਲਦੇਵ ਸਿੰਘ ਨੇ ਦੱਸਿਆ ਕਿ ਗਿਆਨੀ ਕੁਲਦੀਪ ਸਿੰਘ ਨੇ ਇਸ ਘਟਨਾ ਦੀ ਸਖਤ ਨਿਖੇਧੀ ਕੀਤੀ ਹੈ। ਸਿੱਖ ਜਥੇਬੰਦੀਆਂ ਨੇ ਪੁਲਿਸ ਨੂੰ ਸਾਰੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਅਤੇ ਕਾਨੂੰਨੀ ਧਾਰਾਵਾਂ, ਜਿਵੇਂ ਕਿ 295-ਏ ਅਤੇ 26, ਸ਼ਾਮਲ ਕਰਨ ਦੀ ਮੰਗ ਕੀਤੀ।
ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸਿੱਖ ਬਹੁਗਿਣਤੀ ਹੋਣ ਦੇ ਬਾਵਜੂਦ ਸੁਰੱਖਿਅਤ ਨਹੀਂ ਹਨ ਅਤੇ ਅਜਿਹੀਆਂ ਘਟਨਾਵਾਂ ਫਿਰਕੂ ਤਣਾਅ ਨੂੰ ਵਧਾਵਾ ਦਿੰਦੀਆਂ ਹਨ। ਉਨ੍ਹਾਂ ਨੇ ਸਰਕਾਰ ‘ਤੇ ਮੂਕ ਦਰਸ਼ਕ ਬਣਨ ਦਾ ਆਰੋਪ ਲਗਾਇਆ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।