‘ਦ ਖ਼ਾਲਸ ਬਿਊਰੋ :- ਮੁੰਬਈ ਵਿੱਚ ਇੱਕ ਸਾਪਰਟਸ ਕੰਪਲੈਕਸ ਦਾ ਨਾਮ ਟਿਪੂ ਸੁਲਤਾਨ ਦੇ ਨਾਮ ‘ਤੇ ਰੱਖਣ ਨੂੰ ਲੈ ਕੇ ਚੱਲ ਰਹੇ ਵਿਵਾਦ ਵਿੱਚ ਸ਼ਿਵਸੈਨਾ ਨੇ ਬੀਜੇਪੀ ‘ਤੇ ਨਿਸ਼ਾਨਾ ਕੱਸਿਆ ਹੈ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਕਿ ਬੀਜੇਪੀ ਨੂੰ ਲੱਗਦਾ ਹੈ ਕਿ ਇਤਿਹਾਸ ਦੀ ਜਾਣਕਾਰੀ ਸਿਰਫ਼ ਉਸਨੂੰ ਹੀ ਹੈ। ਸਾਨੂੰ ਟਿਪੂ ਸੁਲਤਾਨ ਦੇ ਬਾਰੇ ਪਤਾ ਹੈ। ਸਾਨੂੰ ਬੀਜੇਪੀ ਤੋਂ ਇਹ ਜਾਨਣ ਦੀ ਜ਼ਰੂਰਤ ਨਹੀਂ ਹੈ। ਸੂਬਾ ਸਰਕਾਰ ਫੈਸਲਾ ਲੈਣ ਦੇ ਸਮਰੱਥ ਹੈ। ਨਵਾਂ ਇਤਿਹਾਸ ਨਾ ਲਿਖੋ। ਤੁਸੀਂ ਦਿੱਲੀ ਵਿੱਚ ਇਤਿਹਾਸ ਬਦਲਣ ਦੀ ਕੋਸ਼ਿਸ਼ ਕਰਦੇ ਰਹੋ ਪਰ ਤੁਸੀਂ ਸਫ਼ਲ ਨਹੀਂ ਹੋਵੋਗੇ।
ਮੁੰਬਈ ਵਿੱਚ ਗਣਤੰਤਕ ਦਿਵਸ ਮੌਕੇ ਮਲਾਡ ਦੇ ਇੱਕ ਸਪੋਰਟਸ ਕੰਪਲੈਕਸ ਦਾ ਨਾਮਕਰਨ ਟਿਪੂ ਸੁਲਤਾਨ ਦੇ ਨਾਂ ‘ਤੇ ਰੱਖਣ ਨੂੰ ਲੈ ਕੇ ਵੱਡਾ ਵਿਵਾਦ ਹੋ ਗਿਆ ਸੀ। ਸੂਬੇ ਦੀ ਮੁੱਖ ਵਿਰੋਧੀ ਪਾਰਟੀ ਬੀਜੇਪੀ ਅਤੇ ਵਿਸ਼ਵ ਹਿੰਦੂ ਪਰਿਸ਼ਦ, ਬ੍ਰਿਹਨਮੁੰਬਈ ਨਗਰ ਨਿਗਮ ਦੇ ਇਸ ਫੈਸਲੇ ਦਾ ਡਟ ਕੇ ਵਿਰੋਧ ਕਰ ਰਹੀ ਹੈ। ਵਿਸ਼ਵ ਹਿੰਦੂ ਪਰਿਸ਼ਦ ਦੀ ਨੌਜਵਾਨ ਇਕਾਈ ਬਜਰੰਗ ਦਲ ਦੇ ਸੈਂਕੜੇ ਕਾਰਜਕਰਤਾਵਾਂ ਨੇ ਇਸ ਫੈਸਲੇ ਦੇ ਵਿਰੋਧ ਵਿੱਚ ਬੁੱਧਵਾਰ ਨੂੰ ਪ੍ਰਦਰਸ਼ਨ ਕੀਤਾ ਸੀ।