Punjab Religion

ਨਵੰਬਰ 1984 ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ ’ਚ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ : ਨਵੰਬਰ 1984 ਵਿਚ ਸ਼ਹੀਦ ਕੀਤੇ ਗਏ ਸਿੱਖ ਪਰਿਵਾਰਾਂ ਦੀ ਯਾਦ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਗੁਰਦੁਆਰਾ ਸ਼ਹੀਦ ਭਾਈ ਗੁਰਬਖਸ਼ ਸਿੰਘ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ l

ਇਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਅਰਦਾਸ ਉਪਰੰਤ ਸੰਗਤ ਨੂੰ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਨੇ ਸਰਵਣ ਕਰਵਾਇਆ। ਇਸ ਮੌਕੇ ਗਿਆਨੀ ਪਰਵਿੰਦਰਪਾਲ ਸਿੰਘ ਨੇ ਨਵੰਬਰ 1984 ਦੇ ਸ਼ਹੀਦਾਂ ਨੂੰ ਸਤਿਕਾਰ ਭੇਟ ਕਰਦਿਆਂ ਇਸ ਨੂੰ ਸਿੱਖ ਕੌਮ ’ਤੇ ਹੋਇਆ ਵੱਡਾ ਹਮਲਾ ਕਿਹਾ। ਉਨ੍ਹਾਂ ਕਿਹਾ ਕਿ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਤੇ ਹੋਏ ਇਸ ਹਮਲੇ ਨੇ ਦੇਸ਼ ਅੰਦਰ ਹੀ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਘਿਨੌਣੇ ਕਾਰੇ ਨੂੰ  ਇਤਿਹਾਸ ਸਦਾ ਯਾਦ ਰੱਖੇਗਾ, ਜਿਸ ਦਾ ਕਲੰਕ ਕਾਂਗਰਸ ਪਾਰਟੀ ਦੇ ਮੱਥੇ ’ਤੇ ਹਮੇਸ਼ਾ ਰਹੇਗਾ।

ਗਿਆਨੀ ਪਰਵਿੰਦਰਪਾਲ ਸਿੰਘ ਨੇ ਸਿੱਖ ਕੌਮ ਨੂੰ ਗੁਰੂ ਬਖਸ਼ੇ ਸਿਧਾਂਤ ‘ਦਰ ਆਏ ਨੂੰ ਦੇਗ ਅਤੇ ਚੜ੍ਹ ਕੇ ਆਏ ਨੂੰ ਤੇਗ’ ਵਿੱਚ ਪ੍ਰਪੱਕ ਹੋਣ ਲਈ ਵੀ ਪ੍ਰੇਰਿਆ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਿੱਖੀ ਪ੍ਰੰਪਰਾਵਾਂ ਵਿਚ ਪ੍ਰਪੱਕ ਹੋਈਏ ਤਾਂ ਦੁਸ਼ਮਣ ਸਾਡਾ ਨੁਕਸਾਨ ਨਹੀਂ ਕਰ ਸਕਦਾ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸ. ਗੁਰਪ੍ਰੀਤ ਸਿੰਘ ਝੱਬਰ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ ਸ. ਬਲਵਿੰਦਰ ਸਿੰਘ ਖੈਰਾਬਾਦ, ਸ. ਮਨਜੀਤ ਸਿੰਘ ਤਲਵੰਡੀ, ਸ. ਹਰਭਜਨ ਸਿੰਘ ਵਕਤਾ, ਸ. ਸੁਖਬੀਰ ਸਿੰਘ, ਮੈਨੇਜਰ ਸ. ਰਜਿੰਦਰ ਸਿੰਘ ਰੂਬੀ, ਸ. ਜਸਪਾਲ ਸਿੰਘ ਢੱਡੇ, ਵਧੀਕ ਮੈਨੇਜਰ ਬਿਕਰਮਜੀਤ ਸਿੰਘ ਝੰਗੀ, ਸ. ਜਸਬੀਰ ਸਿੰਘ ਆਦਿ ਹਾਜ਼ਰ ਸਨ