Punjab

ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਚਾਦਰ ਪਈ ਛੋਟੀ

ਦ ਖ਼ਾਲਸ ਬਿਊਰੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਸਲਾਨਾ ਮੀਟਿੰਗ ਦੌਰਾਨ ਪੌਣੇ 30 ਕਰੋੜ ਦੇ ਕਰੀਬ ਘਾਟੇ ਦਾ ਬਜਟ ਪਾਸ ਕਰ ਦਿੱਤਾ ਗਿਆ ਹੈ। ਮੀਟਿੰਗ ਦੌਰਾਨ ਅਗਲੇ ਵਿੱਤੀ ਸਾਲ ਲਈ ਸਰਬ ਸੰਮਤੀ ਨਾਲ 988 ਕਰੋੜ 15 ਲੱਖ 53780 ਰੁਪਏ ਦੇ ਬਜਟ ‘ਤੇ ਮੋਹਰ ਲਾ ਦਿੱਤੀ ਗਈ। ਸ਼੍ਰੋਮਣੀ ਕਮੇਟੀ ਨੂੰ ਸਾਲ 2022-23 ਦੌਰਾਨ 958 ਕਰੋੜ 45 ਲੱਖ 34 ਹਜ਼ਾਰ 958 ਰੁਪਏ ਖਰਚ ਕਰਨੇ ਪੈਣਗੇ। ਪਿਛਲੇ ਸਾਲ 912 ਕਰੋੜ 59 ਲੱਖ 26 ਹਜ਼ਾਰ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਸੀ। ਉਦੋਂ ਕਮੇਟੀ ਨੇ 40 ਕਰੋੜ 66 ਲੱਖ ਦਾ ਘਾਟਾ ਦਰਸਾਇਆ ਸੀ ਉਸ ਤੋਂ ਇੱਕ ਸਾਲ ਪਹਿਲਾਂ 871 ਕਰੋੜ 93 ਲੱਖ 34 ਹਜ਼ਾਰ ਦੇ ਬਜਟ ‘ਤੇ ਮੋਹਰ ਲਾਈ ਗਈ ਸੀ। ਅੱਜ ਦੀ ਮੀਟਿੰਗ ਦੌਰਾਨ ਕਮੇਟੀ ਦਾ ਸਕੱਤਰ ਕਰਨੈਲ ਸਿੰਘ ਪੰਜੌਲੀ ਵੱਲੋਂ ਬਜਟ ਪੇਸ਼ ਕੀਤਾ ਗਿਆ। ਸ਼੍ਰੋਮਣੀ ਕਮੇਟੀ ਨੂੰ ਗੁਰਦੁਆਰਿਆਂ ਤੋਂ ਅਰਬਾਂ ਦੇ ਹੋ ਰਹੇ ਚੜਾਵੇ ਦਾ ਸਿਰਫ 30 ਫੀਸਦੀ ਵੱਖ-ਵੱਖ ਵਿਭਾਗਾ ਨੂੰ ਦਿੱਤਾ ਜਾਂਦਾ ਹੈ।  

ਇੱਕ ਜਾਣਕਾਰੀ ਅਨੁਸਾਰ ਇਤਿਹਾਸਕ ਗੁਰਦੁਆਰਾ ਸਾਹਿਬਾਨ ਜਿਨ੍ਹਾਂ ਦੀ ਸੇਵਾ ਸੰਭਾਲ ਸੈਕਸ਼ਨ 85 ਤਹਿਤ ਕੀਤੀ ਜਾਂਦੀ ਹੈ, ਤੋਂ ਸਾਲ 2021-22 ਦੌਰਾਨ 6 ਅਰਬ 47 ਕਰੋੜ 25 ਲੱਖ ਰੁਪਏ ਦੇ ਲਗਪਗ ਆਮਦਨ ਦੀ ਹੋਈ ਸੀ। ਇਸੇ ਤਰ੍ਹਾਂ ਵਿਦਿਅਕ ਅਦਾਰਿਆਂ ਤੋਂ ਹਰ ਸਾਲ ਪੌਣੇ ਦੋ ਅਰਬ ਰੁਪਏ ਦੇ ਕਰੀਬ ਆਮਦਨ ਜਦਕਿ ਸਵਾ 2 ਅਰਬ ਰੁਪਏ ਦੇ ਲਗਭਗ ਖਰਚੇ  ਜਾਦੇ ਹਨ। ਕਮੇਟੀ ਵੱਲੋਂ ਵਿਦਿਅਕ ਅਦਾਰਿਆਂ ਦੇ ਬਜਟ ਵਿਚ ਘਾਟੇ ਦੀ ਪੂਰਤੀ ਲਈ ਵੱਲੋਂ ਹਰ ਸਾਲ ਸਾਢੇ 16 ਕਰੋੜ 55 ਲੱਖ ਰੁਪਏ ਦੇ ਕਰੀਬ ਘਾਟਾ ਖਾਧਾ ਜਾ ਰਿਹਾ ਹੈ। ਉਂਝ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਈ ਅੱਜ ਦੀ ਮੀਟਿੰਗ ਵਿੱਚ ਸਿੱਖਿਆ ਅਤੇ ਧਰਮ ਦੇ ਪ੍ਰਚਾਰ ਲਈ ਬਹੁਤ ਸਾਰੇ ਅਹਿਮ ਫੈਸਲੇ ਲਏ ਗਏ ਹਨ ਪਰ ਕਮੇਟੀ ਉਣਾ ਕੰਮ ਕਰਨ ਦੇ ਦੋਸ਼ਾਂ ਵਿੱਚ ਘਿਰਦੀ ਰਹੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਤਿਹਗੜ੍ਹ ਸਾਹਿਬ ਵਿੱਚ ਵਿਸ਼ਵ ਯੂਨੀਵਰਸਿਟੀ ਖੋਲੀ ਗਈ ਹੈ।  ਇਸ ਤੋਂ ਬਿਨ੍ਹਾਂ 31 ਕਾਲਜ ਅਤੇ 50 ਸਕੂਲ ਚਲਾਏ ਜਾ ਰਹੇ ਹਨ। ਜਿਨ੍ਹਾਂ ਵਿੱਚ ਦੋ ਮੈਡੀਕਲ ਕਾਲਜ ਵੀ ਸ਼ਾਮਲ ਹਨ।