ਬਟਾਲਾ : ਪੰਜਾਬ ਵਿੱਚ ਅਮਨ ਕਾਨੂੰਨ ਦੇ ਵਿਗੜ ਰਹੇ ਹਾਲਾਤ ਤੇ ਕਤਲ ਦੀਆਂ ਘਟਨਾਵਾਂ ਹੁਣ ਰੋਜਾਨਾ ਖ਼ਬਰਾਂ ਦਾ ਹਿੱਸਾ ਬਣਨ ਲੱਗ ਪਈਆਂ ਹਨ । ਤਾਜ਼ਾ ਮਾਮਲਾ ਬਟਾਲੇ ਤੋਂ ਸਾਹਮਣੇ ਆਇਆ ਹੈ,ਜਿਥੇ ਇੱਕ ਸ਼੍ਰੋਮਣੀ ਅਕਾਲੀ ਦਲ ਵਰਕਰ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਇਹ ਘਟਨਾ ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਸਦਰ ਦੇ ਪਿੰਡ ਸ਼ੇਖੋਪੁਰ ਦੇ ਨਜ਼ਦੀਕ ਅਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਰਾਤ ਤਕਰੀਬਨ 12 ਵਜੇ ਦੇ ਕਰੀਬ ਵਾਪਰੀ ਹੈ। ਮ੍ਰਿਤਕ ਵਿਅਕਤੀ ਦੀ ਪਛਾਣ 50 ਸਾਲਾ ਅਜੀਤਪਾਲ ਵੱਜੋਂ ਹੋਈ ਹੈ ਤੇ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਰਗਰਮ ਵਰਕਰ ਦੱਸਿਆ ਜਾ ਰਿਹਾ ਹੈ।
ਇਹ ਕਿਹਾ ਜਾ ਰਿਹਾ ਹੈ ਕਿ ਅਜੀਤਪਲ ਸਿੰਘ ਆਪਣੇ ਦੋਸਤ ਅਮ੍ਰਿਤਪਾਲ ਦੇ ਨਾਲ ਗੱਡੀ ਵਿਚ ਸਵਾਰ ਸੀ ਤੇ ਅੰਮ੍ਰਿਤਸਰ ਜਾ ਰਿਹਾ ਸੀ । ਕਾਤਲ ਸ਼ਾਇਦ ਪਹਿਲਾਂ ਤੋਂ ਹੀ ਉਹਨਾਂ ਦਾ ਪਿਛਾ ਕਰ ਕਹੇ ਸਨ ।
ਰਸਤੇ ਦੇ ਵਿਚ ਕਿਸੇ ਕਾਰਨ ਅਕਾਲੀ ਵਰਕਰ ਨੇ ਆਪਣੀ ਆਪਣੀ ਗੱਡੀ ਰੋਕੀ ਤਾਂ ਕੋਲੋਂ ਲੰਘ ਰਹੀ ਗੱਡੀ ਵਿੱਚ ਬੈਠੇ ਕਾਤਲਾਂ ਨੂੰ ਮੌਕਾ ਮਿਲ ਗਿਆ ਤੇ ਉਹਨਾਂ ਇਕ ਦਮ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ ਦੀ ਵਜਾ ਨਾਲ ਅਜੀਤਪਾਲ ਦੇ ਗੋਲੀ ਲੱਗਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਅਣਪਛਾਤੇ ਹਮਲਾਵਰਾਂ ਖਿਲਾਫ ਕੇਸ ਸ਼ੁਰੂ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਫਿਲਹਾਲ ਪੁਲਿਸ ਨੇ ਲਾਸ਼ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਰੱਖਵਾ ਦਿੱਤਾ ਹੈ ਤੇ ਅੱਜ ਪੋਸਟਮਾਰਟਮ ਹੋਣ ਤੋਂ ਬਾਅਦ ਮ੍ਰਿਤਕ ਦੇਹ ਨੂੰ ਪਰਿਵਾਰ ਦੇ ਹਵਾਲੇ ਕੀਤਾ ਜਾਵੇਗਾ।