Punjab

ਕੀ ਅਕਾਲੀ ਦਲ ਨੇ ਅਕਾਲ ਤਖਤ ਦਾ ਸਹਾਰਾ ਲੈ ਬਚਾਈ ਆਪਣੀ ਇੱਜਤ? ਅਕਾਲ ਤਖਤ ਨੇ ਸਾਰੀ ਸਥਿਤੀ ਕੀਤੀ ਸਪੱਸ਼ਟ

ਬਿਉਰੋ ਰਿਪੋਰਟ – ਸ਼੍ਰੋਮਣੀ ਅਕਾਲੀ ਦਲ (SAD) ਜ਼ਿਮਨੀ ਚੋਣਾਂ ਨਹੀਂ ਲੜੇਗਾ। ਇਸ ਸਬੰਧੀ ਪਾਰਟੀ ਦੀ ਵਰਕਿੰਗ ਕਮੇਟੀ ਦੀ ਹੋਈ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਪਾਰਟੀ ਹਾਈਕਮਾਨ ਨੇ ਫੈਸਲਾ ਲਿਆ ਹੈ ਕਿ ਉਹ ਜ਼ਿਮਨੀ ਚੋਣਾਂ ਵਿਚ ਹਿੱਸਾ ਨਹੀਂ ਲਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਾਰਟੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨੇਗੀ। ਦੱਸ ਦੇਈਏ ਕਿ ਪਾਰਟੀ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਪਾਰਟੀ ਨੂੰ ਚੋਣ ਲੜਨ ਦੀ ਸਲਾਹ ਦਿੱਤੀ ਸੀ ਪਰ ਪਾਰਟੀ ਨੇ ਉਨ੍ਹਾਂ ਦੇ ਉਲਟ ਜਾ ਕੇ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਹੈ।

ਅਕਾਲੀ ਦਲ ਅਕਾਲ ਤਖਤ ਸਾਹਿਬ ਦੇ ਹਰ ਹੁਕਮ ਦੀ ਪਾਲਣਾ ਕਰੇਗਾ – ਦਲਜੀਤ ਸਿੰਘ ਚੀਮਾ

ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਅਕਾਲ ਤਖਤ ਸਾਹਿਬ ਦੇ ਹਰ ਹੁਕਮ ਦੀ ਪਾਲਣਾ ਕਰੇਗਾ। ਅੱਜ ਦੀ ਹੋਈ ਇਸ ਮੀਟਿੰਗ ਵਿਚ ਫੈਸਲਾ ਲਿਆ ਗਿਆ ਹੈ ਕਿ ਅਕਾਲ ਤਖਤ ਦਾ ਫੈਸਲਾ ਇਕੱਲੇ ਸੁਖਬੀਰ ਸਿੰਘ ਬਾਦਲ ਲਈ ਨਹੀਂ ਆਇਆ ਹੈ ਉਹ ਸਾਰੇ ਅਕਾਲੀ ਦਲ ਲਈ ਆਇਆ ਹੈ, ਇਸ ਕਰਕੇ ਅਸੀਂ ਜ਼ਿਮਨੀ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਹੈ ਕਿਉਂ ਕਿ ਸਾਰੀ ਲੀਡਰਸ਼ਿਪ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਪ੍ਰਧਾਨ ਮਨਦੀ ਹੈ। ਚੀਮਾ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਜਾਤੀ ਇੱਛਾ ਸੀ ਕਿ ਉਹ ਗਿੱਦੜਬਾਹਾ ਤੋਂ ਚੋਣ ਲੜਨ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਉੱਥੋਂ ਦੀ ਨੁਮਾਇੰਦਗੀ ਕਰ ਚੁੱਕੇ ਹਨ ਪਰ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਕੱਲ੍ਹ ਦੇ ਬਿਆਨ ਤੋਂ ਬਾਅਦ ਨਾ ਤਾਂ ਉਹ ਪ੍ਰਚਾਰ ਕਰ ਸਕਦੇ ਹਨ ਅਤੇ ਨਾ ਹੀ ਤਨਖਾਹੀਆ ਹੋਣ ਕਰਕੇ ਚੋਣ ਲੜ ਸਕਦੇ ਹਨ। ਚੀਮਾ ਨੇ ਕਿਹਾ ਕਿ ਅਕਾਲ ਤਖਤ ਤੇ ਸ਼ਿਕਾਇਤ ਦੇਣ ਵਾਲੇ ਪਹਿਲਾਂ ਸਰਕਾਰਾਂ ਸਮੇਂ ਰਾਜਭਾਦ ਭੋਗਦੇ ਰਹੇ ਹਨ ਪਰ ਹੁਣ ਸ਼ਿਕਾਇਤਾਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸਾਰਿਆਂ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੈ ਪਰ ਗਲਤੀ ਸਾਰਿਆਂ ਦੀਆਂ ਸਾਂਝੀਆਂ ਸਨ। ਚੀਮਾ ਨੇ ਰਾਜਾ ਵੜਿੰਗ ਦੇ ਚੋਣ ਤੋਂ ਭੱਜਣ ਤੇ ਅਕਾਲ ਤਖਤ ਤੇ ਸਿਕਰਿਪਟ ਲਿਖ ਕੇ ਦੇਣ ਵਾਲੇ ਬਿਆਨ ਤੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਤਖਤਾਂ ਨਾਲ ਟੱਕਰ ਲਗਾਈ ਹੈ ਅਤੇ ਹੁਣ ਵੀ ਅਜਿਹਾ ਹੀ ਕਰ ਰਹੀ ਹੈ। ਕਾਂਗਰਸ ਦੇ ਪ੍ਰਧਾਨ ਕੋਲੋ ਅਜਿਹੀ ਤਵੱਕੋ ਹੀ ਕੀਤੀ ਜਾ ਸਕਦੀ ਹੈ। ਸੋਹਣ ਸਿੰਘ ਠੰਡਲ ਦੇ ਪਾਰਟੀ ਛੱਡਣ ਤੇ ਉਨ੍ਹਾਂ ਕਿਹਾ ਕਿ ਪਾਰਟੀਆਂ ਬਦਲਣ ਦਾ ਹੁਣ ਰੁਝਾਣ ਹੀ ਬਣ ਗਿਆ ਹੈ ਜੋ ਸਹੀ ਨਹੀਂ ਹੈ ਪਰ ਪਾਰਟੀ ਨੇ ਉਨ੍ਹਾਂ ਨੂੰ ਸਭ ਕੁਝ ਦਿੱਤਾ ਹੈ।

ਅਕਾਲੀ ਦਲ ‘ਤੇ ਚੋਣ ਲੜਨ ਦੀ ਨਹੀਂ ਕੋਈ ਪਾਬੰਦੀ – ਜਥੇਦਾਰ ਗਿਆਨੀ ਰਘਬੀਰ ਸਿੰਘ  

ਅਕਾਲੀ ਦਲ ਦੇ ਇਸ ਫੈਸਲੇ ਤੋਂ ਤੁਰੰਤ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਹੈ ਕਿ ਜ਼ਿਮਨੀ ਚੋਣਾਂ ਅਕਾਲੀ ਦਲ ਲੜ ਸਕਦਾ ਹੈ ਅਤੇ ਕਿਸੇ ਵੀ ਪ੍ਰਕਾਰ ਦੀ ਅਕਾਲ ਤਖਤ ਸਾਹਿਬ ਵੱਲੋਂ ਉਨ੍ਹਾਂ ‘ਤੇ ਪਾਬੰਦੀ ਨਹੀਂ ਲਗਾਈ ਹੈ ਪਰ ਸੁਖਬੀਰ ਸਿੰਘ ਨੂੰ ਇਸ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਨ੍ਹਾਂ ਦਾ ਮਾਮਲਾ ਅਜੇ ਵੀ ਅਕਾਲੀ ਤਖਤ ਸਾਹਿਬ ‘ਤੇ ਵਿਚਾਰ ਅਧੀਨ ਹੈ।

ਇਹ ਵੀ ਪੜ੍ਹੋ  –  ਮਜੀਠੀਆ ਦੀ ਅਕਾਲੀ ਦਲ ਨੂੰ ਵੱਡੀ ਸਲਾਹ! ‘ਹੁਣ ਮੈਦਾਨ ਛੱਡ ਦੇ ਨਾ ਭੱਜਣ’!