‘ ਦ ਖਾਲਸ ਬਿਊਰੋ: ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਵੱਲੋਂ ਵਿਧਾਨ ਸਭਾ ਚੋਣਾਂ ਵਿਚ ਕੁੱਦਣ ਦਾ ਐਲਾਨ ਕਰ ਦਿੱਤਾ ਗਿਆ ਹੈ। ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅੱਜ 43 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਮਾਨ ਦਲ ਵਿਧਾਨ ਸਭਾ ਦੀਆਂ ਚੋਣਾਂ ਲਗਾਤਾਰ ਲੜਦਾ ਆ ਰਿਹਾ ਹੈ ਪਰ ਉਂਗਲਾਂ ‘ਤੇ ਗਿਣੇ ਜਾਣ ਵਾਲੇ ਉਮੀਦਵਾਰ ਹੀ ਚੋਣ ਜਿੱਤਦੇ ਰਹੇ ਹਨ। ਲੋਕ ਸਭਾ ਦੀਆਂ ਚੋਣਾਂ ਵਿੱਚ ਇੱਕ ਵਾਰ ਮਾਨ ਦਲ ਨੇ ਜ਼ਰੂਰ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਸੀ , ਉਸ ਤੋਂ ਬਾਅਦ ਵੀ ਉੱਕਾ-ਦੁੱਕਾ ਉਮੀਦਵਾਰ ਜਿੱਤਦੇ ਰਹੇ ਹਨ।
ਪਹਿਲੀ ਸੂਚੀ ਵਿੱਚ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਤੋਂ ਤਿੰਨ, ਬਰਨਾਲਾ ਦੇ ਭਦੌੜ ਤੋਂ ਇੱਕ, ਫਰੀਦਕੋਟ ਤੋਂ ਦੋ, ਫਤਿਹਗੜ ਸਾਹਿਬ ਤੋਂ ਦੋ, ਫਿਰੋਜ਼ਪੁਰ ਤੋਂ ਤਿੰਨ, ਗੁਰਦਾਸਪੁਰ ਤੋਂ ਦੋ, ਹੁਸ਼ਿਆਰਪੁਰ ਤੋਂ ਇੱਕ, ਕਪੂਰਥਲਾ ਤੋਂ ਚਾਰ, ਲੁਧਿਆਣਾ ਤੋਂ ਪੰਜ, ਜਲੰਧਰ ਤੋਂ ਤਿੰਨ, ਪਠਾਨਕੋਟ ਤੋਂ ਇੱਕ, ਮਾਨਸਾ ਤੋਂ ਦੋ, ਮੋਗਾ ਤੋਂ ਤਿੰਨ, ਰੂਪਨਗਰ ਤੋਂ ਇੱਕ, ਸੰਗਰੂਰ ਤੋਂ ਤਿੰਨ, ਨਵਾਂਸ਼ਹਿਰ ਤੋਂ ਇੱਕ ਅਤੇ ਤਰਨਤਾਰਨ ਤੋਂ ਇੱਕ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਚੋਣ ਮੈਦਾਨ ਵਿੱਚ ਉਤਾਰੇ ਉਮੀਦਵਾਰਾਂ ਵਿੱਚੋਂ ਵੱਡੀ ਗਿਣਤੀ ਨਵੇਂ ਚਿਹਰੇ ਸ਼ਾਮਿਲ ਹਨ।