ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਗੁਰਦੇਵ ਸਿੰਘ ਕਾਉਂਕੇ ਦੇ ਐਨਕਾਉਂਟਰ ਦੀ BP ਤਿਵਾੜੀ ਦੀ ਜਾਂਚ ਰਿਪੋਰਟ ਨੂੰ 24 ਸਾਲ ਤੱਕ ਦਬਾਉਣ ਨੂੰ ਲੈਕੇ ਘਿਰੀ ਸ਼੍ਰੋਮਣੀ ਅਕਾਲੀ ਦਲ ਨੇ ਪਹਿਲੀ ਵਾਰ ਇਸ ਮਸਲੇ ‘ਤੇ ਸਫਾਈ ਦਿੱਤੀ ਹੈ । ਪਾਰਟੀ ਦੇ ਆਗੂ ਪਰਮਬੰਸ ਸਿੰਘ ਬੰਟੀਰੋਮਾਨਾ ਨੇ ਰਿਪੋਰਟ ਨੂੰ ਨਸ਼ਰ ਕਰਨ ਵਾਲੀ ਮਨੁੱਖੀ ਜਥੇਬੰਦੀ ਨੂੰ ਲੈਕੇ ਗੰਭੀਰ ਸਵਾਲ ਚੁੱਕੇ ਅਤੇ, BP ਤਿਵਾੜੀ ਦੀ ਰਿਪੋਰਟ ‘ਤੇ ਕਿਉਂ ਕਾਰਵਾਈ ਨਹੀਂ ਕੀਤੀ ਗਈ ਇਸ ਦਾ ਵੀ ਜਵਾਬ ਦਿੱਤਾ ।
ਸਭ ਤੋਂ ਪਹਿਲਾਂ ਬੰਟੀਰੋਮਾਨਾ ਨੇ ਦੱਸਿਆ ਕਿ ਜਦੋਂ ਗੁਰਦੇਵ ਸਿੰਘ ਕਾਉਂਕੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਤਲਵੰਡੀ ਪਿੰਡ ਕਾਉਂਕੇ ਪਰਿਵਾਰ ਨੂੰ ਮਿਲਣ ਪਹੁੰਚੇ ਸਨ ਤਾਂ ਉਨ੍ਹਾਂ ਨੂੰ ਪੁਲਿਸ ਨੇ ਰੋਕ ਦਿੱਤਾ । ਬੰਟੀਰੋਮਾਨਾ ਨੇ 1993 ਦੀ ਫ਼ੋਟੋ ਵੀ ਵਿਖਾਈ, ਪਰ ਉਨ੍ਹਾਂ ਕਿਹਾ ਇਸ ਦੇ ਬਾਵਜੂਦ ਬਾਦਲ ਪਰਿਵਾਰ ਖ਼ਿਲਾਫ਼ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ।
ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀਰੋਮਾਨਾ ਨੇ ਦੱਸਿਆ ਕਿ 1998 ਵਿੱਚ BP ਤਿਵਾੜੀ ਦੀ ਜਾਂਚ ਅਫ਼ਸਰ ਦੇ ਤੌਰ ‘ਤੇ ਨਿਯੁਕਤੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਅਕਾਲੀ ਦਲ ਪੰਥਕ ਜਸਬੀਰ ਸਿੰਘ ਰੋਡੇ ਦੀ ਸਿਫ਼ਾਰਿਸ਼ ਤੋਂ ਬਾਅਦ ਕੀਤੀ ਗਈ ਸੀ । ਪਰ ਇਸ ਜਾਂਚ ਵਿੱਚ ਬੀਪੀ ਤਿਵਾੜੀ ਨੇ ਲਿਖਿਆ ਕਿ ਇਸ ਗੱਲ ਦਾ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਕਾਉਂਕੇ ਨੂੰ ਪੁਲਿਸ ਨੇ ਮਾਰ-ਕੁੱਟ ਕੇ ਮਾਰ ਦਿੱਤਾ ।
ਉਸ ਨੇ ਦਰਸ਼ਨ ਸਿੰਘ ਵਰਗੇ ਉਨ੍ਹਾਂ ਸਾਰੇ ਗਵਾਵਾਂ ਦੀ ਗਵਾਈ ਨੂੰ ਨਕਾਰ ਦਿੱਤਾ, ਜਿੰਨਾ ਨੇ ਦੱਸਿਆ ਸੀ ਕਿ ਕਿਵੇਂ ਭਾਈ ਕਾਉਂਕੇ ਨੂੰ ਤਸੀਹੇ ਦਿੱਤੇ ਗਏ ਅਤੇ ਮਾਰਿਆ ਗਿਆ । ਬੰਟੀਰੋਮਾਨਾ ਨੇ BP ਤਿਵਾੜੀ ਦੀ ਜਾਂਚ ਰਿਪੋਰਟ ਰਿਪੋਰਟ ਸਵਾਲ ਚੁੱਕਦੇ ਹੋਏ ਕਿਹਾ ਇਸ ਰਿਪੋਰਟ ਦੇ ਕੋਈ ਮਾਅਨੇ ਨਹੀਂ ਸਨ। ਸਿੱਖ ਪੰਥ ਇਸ ਰਿਪੋਰਟ ਤੋਂ ਸਹਿਮਤ ਹੋ ਸਕਦਾ ਹੈ।
ਅਕਾਲੀ ਦਲ ਨੇ BP ਤਿਵਾੜੀ ਦੀ ਰਿਪੋਰਟ ਨੂੰ ਨਸ਼ਰ ਕਰਨ ਵਾਲੀ ਮਨੁੱਖੀ ਅਧਿਕਾਰ ਜਥੇਬੰਦੀਆਂ ਤੇ ਵੀ ਗੰਭੀਰ ਇਲਜ਼ਾਮ ਲਗਾਏ । ਉਨ੍ਹਾਂ ਕਿਹਾ RTI ਦੇ ਜ਼ਰੀਏ 12 ਅਕਤੂਬਰ 2010 ਵਿੱਚ ਜਥੇਬੰਦੀ ਨੇ BP ਤਿਵਾੜੀ ਦੀ ਰਿਪੋਰਟ ਨੂੰ ਹਾਸਲ ਕੀਤਾ ਸੀ । ਪਰ 13 ਸਾਲ ਕਿਉਂ ਨਹੀਂ ਸਵਾਲ ਪੁੱਛਿਆ ਗਿਆ । 2010 ਵਿੱਚ ਬਾਦਲ ਸਰਕਾਰ ਵਜ਼ਾਰਤ ਵਿੱਚ ਸੀ। ਤੁਹਾਨੂੰ ਇਸ ਗੱਲ ਦਾ ਜਵਾਬ ਦੇਣਾ ਹੋਵੇਗਾ।
ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀਰੋਮਾਨਾ ਨੇ ਇਲਜ਼ਾਮ ਲਗਾਇਆ ਕਿ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਲਈ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਭਾਈ ਕਾਉਂਕੇ ਦੀ ਯਾਦ ਵਿੱਚ ਪਾਠ ਕਰਵਾਉਣ ਦੀ ਗੱਲ ਕਹਿੰਦੀ ਹੈ, ਤਾਂਕਿ ਸਾਨੂੰ ਘੇਰਿਆ ਜਾਵੇ ਪਰ ਬੰਦੀ ਸਿੰਘਾ ਦੀ ਰਿਹਾਈ ਦੇ ਲਈ ਜਦੋਂ ਦਿੱਲੀ ਵਿੱਚ ਮੋਰਚਾ ਲਗਾਉਣਾ ਸੀ ਤਾਂ ਪਿੱਛੇ ਹੱਟ ਗਈ । ਅਕਾਲੀ ਦਲ ਨੇ ਕਿਹਾ ਬਰਗਾੜੀ ਬੇਅਦਬੀ ਮੌਕੇ ਵੀ ਅਕਾਲੀ ਦਲ ਦੇ ਖ਼ਿਲਾਫ਼ ਸਾਜ਼ਿਸ਼ਾਂ ਹੋਈਆਂ ਹਨ ਅਤੇ ਹੁਣ ਵੀ ਅਜਿਹਾ ਹੀ ਹੋ ਰਿਹਾ ਹੈ ।