ਸ਼੍ਰੋ ਅਕਾਲੀ ਦਲ ਦਿੱਲੀ ਨੇ ਸਮਾਗਮ ਦੌਰਾਨ ਆਪਣਾ ਚੋਣ ਨਿਸ਼ਾਨ ਟੋਕਰੀ ਜਾਰੀ ਕੀਤਾ
‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਤੋਂ ਵੱਖ ਹੋਏ ਹਰਮੀਤ ਸਿੰਘ ਕਾਲਕਾ ਨੇ ਆਪਣੀ ਪਾਰਟੀ ਸ੍ਰੋਮਣੀ ਅਕਾਲੀ ਦਲ ਦਿੱਲੀ ਸਟੇਜ ਦਾ ਚੋਣ ਨਿਸ਼ਾਨ ਜਾਰੀ ਕੀਤਾ ਹੈ। ਪਾਰਟੀ ਨੇ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਵੱਡੇ ਸਿੱਖ ਇਕੱਠ ਦੌਰਾਨ ‘ਟੋਕਰੀ’ ਚੋਣ ਨਿਸ਼ਾਨ ਜਾਰੀ ਕੀਤਾ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਵੇਲੇ ਵੱਡੇ ਅਹੁਦਿਆਂ ‘ਤੇ ਰਹੇ ਸਿੱਖ ਆਗੂ ਵੀ DSGMC ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੇ ਨਾਲ ਮੰਚ ‘ਤੇ ਮੌਜੂਦ ਰਹੇ ਸਨ ਪਰ ਇੰਨਾਂ ਆਗੂਆਂ ਵਿੱਚੋਂ ਇੱਕ ਧਾਰਮਿਕ ਜਥੇਬੰਦੀ ਜਿਸ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਸਭ ਤੋਂ ਨਜ਼ਦੀਕੀ ਮੰਨਿਆ ਜਾਂਦਾ ਸੀ। ਉਸ ਦੇ ਮੁਖੀ ਵੀ ਮੰਚ ‘ਤੇ ਨਜ਼ਰ ਆਏ। ਇਹ ਤਸਵੀਰ ਸੁਖਬੀਰ ਬਾਦਲ ਨੂੰ ਸੋਚਾ ਵਿੱਚ ਪਾਉਣ ਵਾਲੀ ਹੈ, ਸਿਆਸੀ ਜਾਣਕਾਰਾ ਮੁਤਾਬਿਕ ਹਰਮੀਤ ਸਿੰਘ ਕਾਲਕਾ ਸਿਰਫ਼ ਮੋਹਰਾ ਨੇ ਜਦਕਿ ਇਸ ਦੇ ਪਿੱਛੇ ਬੀਜੇਪੀ ਦਾ ਪੰਜਾਬ ਨੂੰ ਜਿੱਤਣ ਦਾ ਵੱਡਾ ਪਲਾਨ ਹੈ ਅਤੇ DSGMC ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਉਸ ਵਿੱਚ ਬੀਜੇਪੀ ਲਈ ਅਹਿਮ ਕੜੀ ਦਾ ਕੰਮ ਕਰ ਰਹੇ ਹਨ।
ਦਮਦਮੀ ਟਕਸਾਲ ਦੇ ਮੁੱਖੀ ਵੀ ਪਹੁੰਚੇ
ਦਮਦਮੀ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੂਮਾ ਵੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਚੋਣ ਨਿਸ਼ਾਨ ਜਾਰੀ ਕਰਨ ਵਾਲੇ ਸਮਾਗਮ ਵਿੱਚ ਪਹੁੰਚੇ। ਉਨ੍ਹਾਂ ਨੂੰ ਸੁਖਬੀਰ ਬਾਦਲ ਅਤੇ SGPC ਦਾ ਸਭ ਤੋਂ ਨਜ਼ਦੀਕੀ ਮੰਨਿਆ ਜਾਂਦਾ ਸੀ। ਮੰਚ ਤੋਂ ਸੰਬੋਧਨ ਦੌਰਾਨ ਹਰਨਾਮ ਸਿੰਘ ਧੂਮਾ ਨੇ ਕਿਹਾ ਕਿ ਕੌਮ ਵਿੱਚ ਲੰਮੇ ਵਕਤ ਤੋਂ ਅਵੇਸਲਾਪਨ ਆਇਆ ਹੈ। ਉਨ੍ਹਾਂ ਕਿਹਾ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰਵਾਈ ਜਾ ਸਕੀ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਯਤਨਾ ਦੀ ਸ਼ਲਾਘਾ ਕੀਤੀ ਕਿ ਉਹ ਬੰਦੀ ਸਿੰਘਾ ਦੀ ਰਿਹਾਈ ਨੂੰ ਲੈ ਕੇ ਚੰਗਾ ਕੰਮ ਕਰ ਰਿਹਾ ਹੈ।
ਦਮਦਮੀ ਟਕਸਾਲ ਦੇ ਮੁੱਖੀ ਦਾ ਇਹ ਬਿਆਨ ਸੁਖਬੀਰ ਬਾਦਲ ਲਈ ਚਿੰਤਾ ਵਾਲਾ ਹੈ ਕਿਉਂਕਿ ਦਮਦਮੀ ਟਕਸਾਲ ਦਾ ਸਿੱਖ ਸਿਆਸਤ ਵਿੱਚ ਵੱਡਾ ਰੋਲ ਰਿਹਾ ਹੈ ਅਤੇ SGPC ਦੀ ਚੋਣਾਂ ਦਾ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ। ਸਿੱਖ ਸਿਆਸਤ ਦਾ ਬਦਲਾ ਸਮੀਕਰਣ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਵੱਡੀ ਚੁਣੌਤੀ ਹੈ।ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਇਸ ਪੂਰੇ ਸਿਆਸੀ ਖੇਡ ਪਿੱਛੇ ਬੀਜੇਪੀ ਕੰਮ ਕਰ ਰਹੀ ਹੈ।
ਬੀਜੇਪੀ ਦਾ ਪੰਜਾਬ ਪਲਾਨ
ਪੰਜਾਬ ਨੂੰ ਲੈ ਕੇ ਬੀਜੇਪੀ ਨੇ ਆਪਣੀ ਰਣਨੀਤੀ ਪੂਰੀ ਤਿਆਰ ਕਰ ਲਈ ਹੈ। ਪੰਜਾਬ ਦੀ ਸਿਆਸੀ ਸ਼ਤਰੰਜ ‘ਤੇ ਮੋਹਰੇ ਨੂੰ ਜ਼ਿੰਮਵਾਰੀਆਂ ਦੇ ਦਿੱਤੀ ਗਈ ਹੈ। ਦਿੱਲੀ ਤੋਂ ਮਨਜਿੰਦਰ ਸਿੰਘ ਸਿਰਸਾ ਅਤੇ ਪੰਜਾਬ ਤੋਂ ਸੁਖਦੇਵ ਸਿੰਘ ਢੀਂਡਸਾ ਬੀਜੇਪੀ ਲਈ ਪੰਜਾਬ ਵਿੱਚ ਜ਼ਮੀਨ ਤਲਾਸ਼ਨ ਦਾ ਕੰਮ ਕਰ ਰਹੇ ਹਨ। ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਨੇ ਸਭ ਤੋਂ ਪਹਿਲਾਂ ਅਸਿੱਧੇ ਤੌਰ ‘ਤੇ DSGMC ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕਬਜ਼ਾ ਛਡਾਇਆ ਅਤੇ ਆਪਣੇ ਭਰੋਸੇਮੰਦ ਸਾਥੀ ਹਰਮੀਤ ਸਿੰਘ ਕਾਲਜਾ ਦੇ ਜ਼ਰੀਏ ਸਾਰੇ ਮੈਂਬਰਾਂ ਨੂੰ ਤੋੜਿਆ ਅਤੇ ਫਿਰ ਨਵੀਂ ਪਾਰਟੀ ਬਣਾਈ।
ਇਸ ਤੋਂ ਇਲਾਵਾ ਦਿੱਲੀ ਦੇ ਵੱਡੇ ਅਕਾਲੀ ਸਿੱਖ ਆਗੂ ਜਿਸ ਵਿੱਚ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਰਹੇ ਤਿਰਲੋਚਨ ਸਿੰਘ ਅਤੇ ਸਾਬਕਾ ਐਮਪੀ ਬਲਵੰਤ ਸਿੰਘ ਰਾਮੂਵਾਲੀਆ ਵਰਗੇ ਸਿੱਖ ਆਗੂਆਂ ਨੂੰ ਹਰਮੀਤ ਸਿੰਘ ਕਾਲਜਾ ਨਾਲ ਜੋੜਿਆ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿੱਚੋਂ ਸਿਰਸਾ ਨੇ ਹੀ ਸਿੱਖ ਧਾਰਮਿਕ ਆਗੂਆਂ ਦੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ 2 ਤੋਂ 3 ਵਾਰ ਮੀਟਿੰਗ ਕਰਵਾਈ। ਸਿਰਸਾ ਨੇ ਵੀ ਜਾਖੜ ਅਤੇ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀਆਂ ਨੂੰ ਬੀਜੇਪੀ ਵਿੱਚ ਸ਼ਾਮਲ ਕਰਵਾਉਣ ਵਿੱਚ ਅਹਿਮ ਰੋਲ ਅਦਾ ਕੀਤਾ।
ਉਧਰ ਪੰਜਾਬ ਵਿੱਚ ਅਕਾਲੀ ਦਲ ਤੋਂ ਨਰਾਜ਼ ਸਿੱਖ ਆਗੂਆਂ ਆਪਣੇ ਨਾਲ ਲਿਆਉਣ ਵਿੱਚ ਸੁਖਦੇਵ ਸਿੰਘ ਢੀਂਡਸਾ ਨੇ ਅਹਿਮ ਕਿਰਦਾਰ ਨਿਭਾਇਆ ਹੈ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਾਰੀਫ਼ ਅਤੇ ਹੁਣ DSGMC ਦੇ ਮੰਚ ‘ਤੇ ਨਜ਼ਰ ਆਉਣਾ ਬੀਜੇਪੀ ਦੀ ਵੱਡੀ ਸਿਆਸੀ ਰਣਨੀਤੀ ਦਾ ਹੀ ਨਤੀਜਾ ਹੈ। ਇੰਨਾਂ ਸਭ ਤੋਂ ਵੱਧ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੂਮਾ ਜਿੰਨਾਂ ਨੂੰ ਸੁਖਬੀਰ ਬਾਦਲ ਦਾ ਕਰੀਬੀ ਮੰਨਿਆ ਜਾਂਦਾ ਸੀ ਉਹ ਵੀ ਹੁਣ ਉਨ੍ਹਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਸਿੱਖ ਆਗੂਆਂ ਅਤੇ ਧਾਰਮਿਕ ਸ਼ਖ਼ਸੀਅਤਾਂ ਨੂੰ ਆਪਣੇ ਨਜ਼ਦੀਕ ਲਿਆਉਣ ਤੋਂ ਬਾਅਦ ਬੀਜੇਪੀ ਦਾ ਅਗਲਾ ਪਲਾਨ ਹੈ SGPC ਦੀਆਂ ਚੋਣਾਂ, ਬਸ ਪਾਰਟੀ ਸਹੀ ਸਮੇਂ ਦਾ ਇੰਤਜ਼ਾਰ ਕਰ ਰਹੀ ਹੈ।