‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਕਾਰੋਬਾਰੀ ਰਾਜ ਕੁੰਦਰਾ ਨੂੰ ਪੋਰਨੋਗ੍ਰਾਫੀ ਨਾਲ ਜੁੜੇ ਇਕ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਰਾਜ ਕੁੰਦਰਾ ਉੱਤੇ ਇਸ ਸਾਲ ਫਰਵਰੀ ਵਿੱਚ ਅਸ਼ਲੀਲ ਫਿਲਮਾਂ ਬਣਾਉਣ ਅਤੇ ਇਸ ਨੂੰ ਜਾਰੀ ਕਰਨ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਵਿਚ 9 ਹੋਰ ਲੋਕ ਫੜੇ ਗਏ ਹਨ।
ਮੁੰਬਈ ਪੁਲਿਸ ਦੇ ਕਮਿਸ਼ਨਰ ਅਨੁਸਾਰ ਟੈਕਨੀਕਲ ਐਵੀਡੈਂਸ ਦੇ ਅਧਾਰ ‘ਤੇ ਕੁੰਦਰਾ ਨੂੰ 19 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਕਮਿਸ਼ਨਰ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਕੋਲ ਕੁੰਦਰਾ ਖ਼ਿਲਾਫ਼ ਸਬੂਤ ਮੌਜੂਦ ਹਨ ਅਤੇ ਇਸ ਬਾਰੇ ਛਾਣਬੀਣ ਵੀ ਕੀਤੀ ਜਾ ਰਹੀ ਹੈ। ਕੁੰਦਰਾ ਨੂੰ ਪੁੱਛਗਿੱਛ ਲਈ ਸੰਮਨ ਭੇਜੇ ਸਨ ਤੇ ਕਈ ਘੰਟੇ ਪੁੱਛਗਿੱਛ ਤੋਂ ਬਾਅਦ ਇਹ ਗ੍ਰਿਫ਼ਤਾਰੀ ਕੀਤੀ ਗਈ ਹੈ। ਕੁੰਦਰਾ ਵੱਲੋਂ ਜ਼ਮਾਨਤ ਲਈ ਅਰਜ਼ੀ ਲਗਾਈ ਗਈ ਹੈ ਅਤੇ ਅਗਲੇ ਹਫ਼ਤੇ ਅਦਾਲਤ ਇਸ ‘ਤੇ ਸੁਣਵਾਈ ਕਰ ਸਕਦੀ ਹੈ। ਅਦਾਲਤ ਨੇ ਉਨ੍ਹਾਂ ਨੂੰ 23 ਜੁਲਾਈ ਤੱਕ ਪੁਲਿਸ ਕਸਟਡੀ ਵਿਚ ਭੇਜਿਆ ਹੈ।
ਪੁਲਿਸ ਨੇ ਕਿਹਾ ਹੈ ਕਿ ਇਕ ਐਪ ਰਾਹੀਂ ਅਸ਼ਲੀਲ ਫ਼ਿਲਮਾਂ ਨੂੰ ਰਿਲੀਜ਼ ਕੀਤਾ ਜਾਂਦਾ ਸੀ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਰਾਜ ਕੁੰਦਰਾ ਆਪਣੀ ਐਪ ਹੌਟਸ਼ਾਰਟ ਰਾਹੀਂ ਅਸ਼ਲੀਲ ਵੀਡੀਓ ਦੀ ਡੀਲਿੰਗ ਕਰ ਰਹੇ ਸਨ।
ਦੱਸਿਆ ਗਿਆ ਹੈ ਕਿ ਕੁੰਦਰਾ ਦੁਆਰਾ ਇੱਕ ਵ੍ਹੱਟਸਐਪ ਗਰੁੱਪ ਵੀ ਬਣਾਇਆ ਗਿਆ ਸੀ ਜਿਸ ਦੇ ਉਹ ਐਡਮਿਨ ਸਨ ਅਤੇ ਵ੍ਹੱਟਸਐਪ ਦੇ ਕਲਿਪ, ਪੈਸੇ ਦੇ ਲੈਣ ਦੇਣ ਬਾਰੇ ਅਕਸਰ ਚਰਚਾ ਹੁੰਦੀ ਸੀ।
ਜ਼ਿਕਰਯੋਗ ਹੈ ਕਿ ਰਾਜ ਕੁੰਦਰਾ ਇੱਕ ਵਪਾਰੀ ਹਨ ਅਤੇ ਆਈਪੀਐਲ ਵਿੱਚ ਉਨ੍ਹਾਂ ਦੀ ਇੱਕ ਕ੍ਰਿਕੇਟ ਟੀਮ ਵੀ ਹੈ। 2013 ਵਿੱਚ ਕੁੰਦਰਾ ਉਪਰ ਮੈਚ ਫਿਕਸਿੰਗ ਦੇ ਆਰੋਪ ਲੱਗੇ ਸਨ ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਉਨ੍ਹਾਂ ਦਾ ਪਾਸਪੋਰਟ ਜ਼ਬਤ ਕੀਤਾ ਸੀ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਕੁੰਦਰਾ ਨੇ ਸੱਟੇਬਾਜ਼ੀ ਦੀ ਗੱਲ ਕਬੂਲੀ ਸੀ।