India

ਸਿਰਫ਼ 38 ਦਿਨ ਹੀ ਕੁਰਸੀ ਨਸੀਬ ਹੋਵੇਗੀ ਦਿੱਲੀ ਦੀ ਨਵੀਂ ਮੇਅਰ ਸ਼ੈਲੀ ਓਬਰਾਏ ਨੂੰ !

ਬਿਉਰੋ ਰਿਪੋਰਟ : ਦਿੱਲੀ ਨਗਰ ਨਿਗਮ (DMC) ਚੋਣਾਂ ਵਿੱਚ 34 ਵੋਟਾਂ ਨਾਲ ਜਿੱਤੀ ਆਮ ਆਦਮੀ ਪਾਰਟੀ ਦੀ ਸ਼ੈਲੀ ਓਬਰਾਏ ਸਿਰਫ਼ 38 ਦਿਨ ਲਈ ਹੀ ਮੇਅਰ ਦੇ ਅਹੁਦੇ ‘ਤੇ ਰਹਿ ਸਕੇਗੀ । ਦਰਅਸਲ DMC ਦੀ ਧਾਰਾ 2 (67) ਮੁਤਾਬਿਕ ਨਿਗਮ ਵਿੱਚ ਸਾਲ ਅਪ੍ਰੈਲ ਮਹੀਨੇ ਦੀ ਪਹਿਲੀ ਤਰੀਕ ਤੋਂ ਸ਼ੁਰੂ ਹੁੰਦਾ ਹੈ ਜੋ ਅਗਲੇ ਸਾਲ 31 ਮਾਰਚ ਨੂੰ ਖਤਮ ਹੋ ਜਾਂਦਾ ਹੈ । ਅਜਿਹੇ ਵਿੱਚ ਫਰਵਰੀ ਦੇ 7 ਦਿਨ ਅਤੇ ਮਾਰਚ ਦੇ 31 ਦਿਨ ਮਿਲਾਕੇ ਉਨ੍ਹਾਂ ਦਾ ਕਾਰਜ ਕਾਲ ਸਿਰਫ 38 ਦਿਨਾਂ ਦਾ ਹੀ ਹੋਵੇਗਾ । ਇਸ ਤੋਂ ਬਾਅਦ ਮੁੜ ਤੋਂ ਅਪ੍ਰੈਲ ਵਿੱਚ ਮੇਅਰ ਦੀ ਮੁੜ ਤੋਂ ਚੋਣ ਹੋਵੇਗੀ ।

3 ਵਾਰ ਦਿੱਲੀ ਦੀ ਮੇਅਰ ਦੀ ਚੋਣ ਕੈਂਸਲ ਹੋਣ ਤੋਂ ਬਾਅਦ ਸੁਪਰੀਮ ਕੋਰਟ ਤੋਂ ਮਿਲੀ ਵੱਡੀ ਰਾਹਤ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਆਪਣਾ ਮੇਅਰ ਬਣਾਉਣ ਵਿੱਚ ਕਾਮਯਾਬੀ ਮਿਲੀ ਹੈ । ਮੇਅਰ ਦੇ ਅਹੁਦੇ ਲਈ ਹੋਈ ਚੋਣ ਵਿੱਚ ਸ਼ੈਲੀ ਓਬਰਾਏ ਨੂੰ 150 ਅਤੇ ਭਾਜਪਾ ਉਮੀਦਵਾਰ ਰੇਖਾ ਗੁਪਤਾ ਨੂੰ 116 ਵੋਟਾਂ ਮਿਲੀਆਂ। ਹਾਲਾਂਕਿ ਕਾਂਗਰਸ ਦੇ ਸਾਰੇ ਕੌਂਸਲਰਾਂ ਨੇ ਵੋਟਿੰਗ ਦਾ ਬਾਈਕਾਟ ਕੀਤਾ ।

ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰ ਕੇ ਇਹ ਖੁਸ਼ਖਬਰੀ ਸਾਰਿਆਂ ਨਾਲ ਸਾਂਝੀ ਕੀਤੀ ਹੈ।ਆਪਣੇ ਟਵੀਟ ਵਿੱਚ ਉਨ੍ਹਾਂ ਨੇ ਲਿੱਖਿਆ ਸੀ ਕਿ ‘ਗੁੰਡੇ ਹਾਰ ਗਏ ਹਨ ਤੇ ਜਨਤਾ ਜਿੱਤ ਗਈ’। ਆਪਣੇ ਟਵੀਟ ਵਿੱਚ ਸਿਸੋਦੀਆ ਨੇ ਇਹ ਵੀ ਲਿੱਖਿਆ ਸੀ ਕਿ ਦਿੱਲੀ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਦੇ ਮੇਅਰ ਬਣਨ ‘ਤੇ ਸਾਰੇ ਵਰਕਰਾਂ ਨੂੰ ਬਹੁਤ ਬਹੁਤ ਵਧਾਈਆਂ ਅਤੇ ਇੱਕ ਵਾਰ ਫਿਰ ਦਿੱਲੀ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ।

ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਜਿੱਤ ਦੀ ਖੁਸ਼ੀ ਇੱਕ ਟਵੀਟ ਰਾਹੀਂ ਸਾਰਿਆਂ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਵੀ ਕਿਹਾ ਕਿ ‘ਗੁੰਡੇ ਹਾਰ ਗਏ ਅਤੇ ਜਨਤਾ ਜਿੱਤ ਗਈ ਸ਼ੈਲੀ ਓਬਰਾਏ ਦੇ ਮੇਅਰ ਚੁਣੇ ਜਾਣ ਤੇ ਦਿੱਲੀ ਦੀ ਜਨਤਾ ਨੂੰ ਵਧਾਈ’

ਜ਼ਿਕਰਯੋਗ ਹੈ ਕਿ ‘ਆਪ’ ਨੇ 4 ਦਸੰਬਰ ਨੂੰ ਹੋਈਆਂ ਐਮਸੀਡੀ ਚੋਣਾਂ ‘ਚ 134 ਵਾਰਡਾਂ ‘ਤੇ ਜਿੱਤ ਹਾਸਲ ਕਰ ਕੇ ਨਗਰ ਨਿਗਮ ‘ਚ ਭਾਜਪਾ ਦੇ 15 ਸਾਲ ਪੁਰਾਣੇ ਸ਼ਾਸਨ ਨੂੰ ਖਤਮ ਕੀਤਾ ਸੀ। ਭਾਜਪਾ 104 ਵਾਰਡਾਂ ਵਿੱਚ ਜਿੱਤ ਨਾਲ ਦੂਜੇ ਸਥਾਨ ’ਤੇ ਰਹੀ। 250 ਮੈਂਬਰੀ ਨਿਗਮ ਹਾਊਸ ਵਿੱਚ ਕਾਂਗਰਸ ਨੇ 9 ਸੀਟਾਂ ਜਿੱਤੀਆਂ ਸਨ।