Punjab

ਸ਼ੀਤਲ ਅੰਗੂਰਾਲ ਨੇ ਮੁੱਖ ਮੰਤਰੀ ਮਾਨ ਦਾ ਚੈਲੰਜ਼ ਕੀਤਾ ਕਬੂਲ

ਮੁਹਾਲੀ : ਮੁੱਖ ਮੰਤਰੀ ਭਗਵੰਤ ਮਾਨ ਤੇ ਸ਼ੀਤਲ ਅੰਗੁਰਾਲ ਆਹਮੋ-ਸਾਹਮਣੇ ਹੋ ਗਏ ਹਨ। ਮਾਮਲਾ ਇੰਨਾ ਵਧ ਗਿਆ ਹੈ ਕਿ ਦੋਵੇਂ ਜਣੇ ਜਨਤਕ ਤੌਰ ਉਪਰ ਇੱਕ-ਦੂਜੇ ਨੂੰ ਚੈਲੇਜ਼ ਦੇਣ ‘ਚ ਲੱਗੋ ਹੋਏ ਹਨ। ਸੀਐਮ ਮਾਨ ਵੱਲੋਂ ਚੈਲੰਜ ਕਰਨ ਮਗਰੋਂ ਹੁਣ ਸ਼ੀਤਲ ਅੰਗੁਰਾਲ ਨੇ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹੈ ਕਿ ਉਹ ਕੱਲ੍ਹ ਸਬੂਤਾਂ ਨਾਲ ਵੱਡੇ ਖੁਲਾਸੇ ਕਰਨਗੇ।

ਸ਼ੀਤਲ ਅੰਗੂਰਾਲ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਅਸੀਂ ਮੁੱਖ ਮੰਤਰੀ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹਾਂ ਅਤੇ 4 ਜੁਲਾਈ ਨੂੰ ਦੁਪਹਿਰ 2:00 ਵਜੇ ਆਡੀਓ ਜਨਤਕ ਕਰਨ ਜਾ ਰਹੇ ਹਾਂ। ਸ਼ੀਤਲ ਦਾ ਕਹਿਣਾ ਹੈ ਕਿ ਉਹ ਬਾਬੂ ਜੀਵਨ ਰਾਮ ਚੌਂਕ ਵਿੱਚ ਮੁੱਖ ਮੰਤਰੀ ਦੀ ਕੁਰਸੀ ਲਗਾਈ ਜਾਵੇਗੀ ਅਤੇ ਮੇਰੀ ਕੁਰਸੀ ਵੀ ਉਨ੍ਹਾਂ ਦੇ ਨਾਲ ਹੋਵੇਗੀ।

ਅੰਗੂਰਾਲ ਨੇ ਕਿਹਾ ਕਿ ਹੁਣ ਮੁੱਖ ਮੰਤਰੀ ਮਾਨ ਮੇਰੀ ਇਸ ਚੁਣੌਤੀ ਨੂੰ ਸਵੀਕਾਰ ਕਰਨ ਅਤੇ ਇਸ ਜਗ੍ਹਾ ‘ਤੇ ਆਉਣ। ਤੁਸੀਂ ਜਲੰਧਰ ਸ਼ਹਿਰ ਵਿੱਚ ਪ੍ਰਚਾਰ ਕਰ ਰਹੇ ਹੋ, ਤੁਸੀਂ ਬਾਬੂ ਜੀਵਨ ਰਾਮ ਚੌਂਕ ਪਹੁੰਚ ਕੇ ਮੇਰੇ ਕੋਲੋ ਸਾਰੀਆਂ ਆਡੀਓ ਲੈ ਲੈਣਾ। ਜੇਕਰ ਉਨ੍ਹਾਂ ਆਡੀਓ ਵਿੱਚ ਤੁਹਾਡੇ ਪਰਿਵਾਰ, ਐਮਐੱਲਏ ਅਤੇ ਦੀਪਕ ਬਾਲੀ ਦਾ ਜ਼ਿਕਰ ਨਾ ਹੋਵੇ ਤਾਂ ਮੇਰੇ ਉੱਤੇ ਕਾਰਵਾਈ ਕਰ ਦਿਓ। ਨਹੀਂ ਤੁਸੀਂ ਅਸਤੀਫਾ ਦੇ ਦਿਓ। ਕਿਉਂਕਿ ਤੁਸੀਂ ਸੂਬੇ ਦੇ ਮੁੱਖ ਮੰਤਰੀ ਹੋ ਅਤੇ ਤੁਹਾਡੇ ਰਾਜ ਵਿੱਚ ਅਜਿਹਾ ਹੋ ਰਿਹਾ ਹੈ।

ਜਾਣੋ ਕੀ ਸੀ ਸਾਰਾ ਮਾਮਲਾ

ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੀਤਲ ਅੰਗੁਰਾਲ ਨੂੰ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਉਹ ਸਾਡੇ ਨਾਲ ਪੰਗਾ ਨਾ ਲਵੇ। ਤੁਹਾਡੇ ਵਾਂਗ ਸਾਡੇ ’ਤੇ ਨਸ਼ਾ ਤਸਕਰੀ ਦਾ ਕੋਈ ਐਨਡੀਪੀਐਸ ਕੇਸ ਨਹੀਂ। ਉਨ੍ਹਾਂ ਕਿਹਾ ਕਿ ਬਹਿਸ ਕਰਨ ਦੀ ਧਮਕੀ ਕਿਸੇ ਹੋਰ ਨੂੰ ਦਿਓ। ਸਾਡੇ ਨਾਲ ਜਦੋਂ ਮਰਜ਼ੀ ਚਾਹੇ ਬਹਿਸ ਕਰ ਲਓ, 5 ਤਰੀਕ ਦਾ ਇੰਤਜ਼ਾਰ ਕਿਉਂ ਕਰ ਰਹੇ ਹੋ, ਅੱਜ ਹੀ ਬਹਿਸ ਕਰ ਲਓ।

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਸ਼ੀਤਲ ਅੰਗੁਰਾਲ ਨੂੰ ਉਸ ਦੀਆਂ ਭ੍ਰਿਸ਼ਟ ਗਤੀਵਿਧੀਆਂ ਰੋਕਣ ਲਈ ਬਹੁਤ ਸਮਝਾਇਆ ਪਰ ਉਹ ਨਹੀਂ ਮੰਨਿਆ। ਆਮ ਆਦਮੀ ਪਾਰਟੀ ਵਿੱਚ ਰਹਿੰਦਿਆਂ ਉਸ ਨੂੰ ਦੋ ਨੰਬਰ ਦੇ ਕੰਮ ਕਰਨ ਵਿੱਚ ਪ੍ਰੇਸ਼ਾਨੀ ਹੁੰਦੀ ਸੀ। ਇਸ ਲਈ ਉਹ ਭਾਜਪਾ ਵਿੱਚ ਸ਼ਾਮਲ ਹੋ ਗਿਆ, ਕਿਉਂਕਿ ਭਾਜਪਾ ਭ੍ਰਿਸ਼ਟਾਚਾਰ ਨੂੰ ਖੁੱਲ੍ਹਾ ਹੱਥ ਦਿੰਦੀ ਹੈ, ਪਰ ਉਸ ਨੂੰ ਉੱਥੇ ਵੀ ਭ੍ਰਿਸ਼ਟਾਚਾਰ ਨਹੀਂ ਕਰਨ ਦੇਵਾਂਗੇ।