ਬਿਉਰੋ ਰਿਪੋਰਟ: ਸੁਪਰੀਮ ਕੋਰਟ ਦੇ ਹੁਕਮਾਂ ’ਤੇ ਸ਼ੰਭੂ ਬਾਰਡਰ ਦੀ ਇੱਕ ਲੇਨ ਖੋਲ੍ਹਣ ਸਬੰਧੀ ਬੁੱਧਵਾਰ ਨੂੰ ਪਟਿਆਲਾ ਵਿੱਚ ਹੋਈ ਮੀਟਿੰਗ ਬੇਸਿੱਟਾ ਰਹੀ। ਹਰਿਆਣਾ ਪੁਲਿਸ ਨੇ ਕਿਹਾ ਕਿ ਕਿਸਾਨ ਬਿਨਾਂ ਗੱਡੀਆਂ ਦੇ ਦਿੱਲੀ ਜਾਣ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਕਈ ਮਹੀਨਿਆਂ ਤੋਂ ਉਨ੍ਹਾਂ ਦੀ ਗੱਲ ਨਹੀਂ ਸੁਣੀ। ਇਸ ਲਈ ਆਪਣੇ ਪ੍ਰਬੰਧਾਂ ਲਈ ਉਹ ਟਰੈਕਟਰ ਟਰਾਲੀਆਂ ਨਾਲ ਹੀ ਦਿੱਲੀ ਜਾਣਗੇ।
ਉੱਧਰ ਪੰਜਾਬ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਇਲਜ਼ਾਮ ਲਾਇਆ ਹੈ ਕਿ ਕਈ ਕਿਸਾਨ ਆਗੂਆਂ ਨੂੰ ਵਿਦੇਸ਼ੀ ਫੰਡ ਮਿਲ ਰਹੇ ਹਨ। ਕਿਸਾਨ ਆਪਣੇ ਖੇਤਾਂ ਅਤੇ ਪਾਣੀ ਦੀਆਂ ਮਸ਼ੀਨਾਂ ਵਿੱਚ ਰੁੱਝੇ ਹੋਏ ਹਨ। ਬਿੱਟੂ ਬੁੱਧਵਾਰ ਨੂੰ ਰਾਜਸਥਾਨ ਵਿੱਚ ਰਾਜ ਸਭਾ ਲਈ ਨਾਮਜ਼ਦਗੀ ਭਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਬਿੱਟੂ ਨੇ ਕਿਹਾ ਕਿ ਜੇਕਰ ਕੋਈ ਬੰਬ, ਪੱਥਰ, ਤਲਵਾਰ ਲੈ ਕੇ ਦਿੱਲੀ ਜਾਵੇਗਾ ਤਾਂ ਉਸ ਨੂੰ ਜ਼ਰੂਰ ਰੋਕਿਆ ਜਾਵੇਗਾ। ਬਿੱਟੂ ਨੇ ਕਿਸਾਨ ਆਗੂਆਂ ’ਤੇ ਕੇਂਦਰ ਦੇ ਪ੍ਰਾਜੈਕਟਾਂ ਲਈ ਜ਼ਮੀਨ ਐਕੁਆਇਰ ਨਾ ਕਰਨ ਲਈ ਉਨ੍ਹਾਂ ਨੂੰ ਬਲੈਕਮੇਲ ਕਰਨ ਦਾ ਵੀ ਇਲਜ਼ਾਮ ਲਾਇਆ ਹੈ।
ਇਸ ਦੇ ਨਾਲ ਹੀ ਕੇਂਦਰੀ ਮੰਤਰੀ ਦੇ ਦੋਸ਼ਾਂ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੇਂਦਰ ’ਚ ਤੁਹਾਡੀ ਸਰਕਾਰ ਹੈ। ਤੁਹਾਨੂੰ ਫੰਡਿੰਗ ਦੀ ਜਾਂਚ ਕਰਨੀ ਚਾਹੀਦੀ ਹੈ। ਸਭ ਕੁਝ ਸਪੱਸ਼ਟ ਹੋ ਜਾਵੇਗਾ।
ਬਿੱਟੂ ਨੇ ਕਿਹਾ ਹੈ ਕਿ ਕਿਸਾਨ ਆਗੂ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ। ਅੱਜ ਪੰਜਾਬ ਦੇ ਹਾਲਾਤ ਕੀ ਹਨ? ਕੇਂਦਰੀ ਟਰਾਂਸਪੋਰਟ ਮੰਤਰੀ ਗਡਕਰੀ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਹੈ। ਕੌਮੀ ਮਾਰਗ ਹੋਵੇ, ਹਵਾਈ ਅੱਡਾ ਹੋਵੇ ਜਾਂ ਰੇਲਵੇ ਟਰੈਕ, ਇਹ ਲੋਕ ਇੱਕ ਇੰਚ ਵੀ ਨਹੀਂ ਬਣਨ ਦਿੰਦੇ। ਬਲੈਕਮੇਲ ਕਰ ਰਹੇ ਹਨ। ਕਿਸਾਨ ਤਾਂ ਜ਼ਮੀਨ ਦੇਣ ਲਈ ਤਿਆਰ ਹੈ। ਇਹ ਥੋੜ੍ਹੇ ਕਿਸਾਨ ਆਗੂ ਉਨ੍ਹਾਂ ਨੂੰ ਰੋਕਦੇ ਹਨ।