Punjab

ਕੈਪਟਨ ਦੇ ਚੇਤੇ ‘ਚੋਂ ਵਿਸਰਿਆ ਸ਼ਹੀਦ ਸੁਖਦੇਵ ਸਿੰਘ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਨੇ ਇਸ ਵਾਰ ਸੁਤੰਤਰਤਾ ਦਿਵਸ ਸਮਾਗਮਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਇਸਦਾ ਵੱਡਾ ਕਾਰਨ ਹੈ ਲੁਧਿਆਣਾ ਵਿੱਚ ਸਥਿਤ ਸ਼ਹੀਦ ਸੁਖਦੇਵ ਸਿੰਘ ਦਾ ਜੱਦੀ ਘਰ। ਸਰਕਾਰ ਵੱਲੋਂ ਇਸ ਜੱਦੀ ਘਰ ਨੂੰ ਬਚਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ, ਜੋ ਢਹਿਣ ਦੀ ਕਗਾਰ ‘ਤੇ ਹੈ। ਹਾਲਾਂਕਿ, ਪੰਜਾਬ ਸਰਕਾਰ ਨੇ ਇਸ ਘਰ ਦੀ ਸਾਂਭ-ਸੰਭਾਲ ਲਈ ਇੱਕ ਕਰੋੜ ਰੁਪਏ ਦਾ ਐਲਾਨ ਕੀਤਾ ਸੀ ਪਰ ਹਾਲੇ ਤੱਕ ਸ਼ਹੀਦ ਦੇ ਵਾਰਸਾਂ ਨੂੰ ਇੱਕ ਰੁਪਿਆ ਵੀ ਨਹੀਂ ਮਿਲਿਆ। ਜਾਣਕਾਰੀ ਮੁਤਾਬਕ ਸ਼ਹੀਦ ਸੁਖਦੇਵ ਸਿੰਘ ਦੇ ਜੱਦੀ ਘਰ ਦੀਆਂ ਨੀਂਹਾਂ ਖੋਖਲੀਆਂ ਹੋ ਚੁੱਕੀਆਂ ਹਨ ਅਤੇ ਬਿਲਡਿੰਗ ਪੂਰੀ ਤਰ੍ਹਾਂ ਜ਼ਰਜ਼ਰ ਹੋ ਗਈ ਹੈ।

ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਸਕੱਤਰ ਤ੍ਰਿਭੁਵਨ ਥਾਪਰ ਦਾ ਕਹਿਣਾ ਹੈ ਕਿ 15 ਅਗਸਤ ਨੂੰ ਸਰਕਾਰੀ ਸਟੇਜ ਤੋਂ ਸ਼ਹੀਦਾਂ ਦੇ ਸਨਮਾਨ ਲਈ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਣਗੀਆਂ। ਪਰ ਅਸਲੀਅਤ ਕੁੱਝ ਹੋਰ ਹੈ। 15 ਅਗਸਤ ਦੇ ਦਿਨ ਨੂੰ ਛੱਡ ਕੇ ਬਾਅਦ ‘ਚ ਕੋਈ ਸ਼ਹੀਦਾਂ ਨੂੰ ਯਾਦ ਨਹੀਂ ਕਰਦਾ। ਅਜਿਹਾ ਨਹੀਂ ਹੈ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇਸ ਬਾਰੇ ਜਾਣਕਾਰੀ ਨਹੀਂ ਹੈ। ਟਰੱਸਟ ਵੱਲੋਂ ਇਸ ਬਾਰੇ ਪ੍ਰਸ਼ਾਸਨ ਨੂੰ ਲਗਾਤਾਰ ਸੂਚਨਾ ਦਿੱਤੀ ਜਾਂਦੀ ਰਹੀ ਹੈ ਪਰ ਕੋਈ ਕੰਨ ਨਹੀਂ ਧਰਦਾ।

ਸ਼ਹੀਦ ਸੁਖਦੇਵ ਦਾ ਘਰ ਲੰਮੇ ਸਮੇਂ ਤੋਂ ਪੁਰਾਤੱਤਵ ਵਿਭਾਗ ਕੋਲ ਹੈ। ਇਸ ਨੂੰ ਖੁੱਲ੍ਹਾ ਰੱਖਣ ਲਈ ਇੱਕ ਕਲਰਕ ਦੀ ਡਿਊਟੀ ਲਗਾਈ ਗਈ ਹੈ, ਜੋ ਸ਼ਹੀਦ ਸੁਖਦੇਵ ਦੇ ਸਬੰਧ ਵਿੱਚ ਇੱਥੇ ਆਉਣ ਵਾਲੇ ਲੋਕਾਂ ਨੂੰ ਦੱਸਦਾ ਹੈ। ਉਹ ਪਿਛਲੇ ਕਾਫ਼ੀ ਸਮੇਂ ਤੋਂ ਇੱਥੇ ਨਹੀਂ ਆਇਆ ਅਤੇ ਨਾ ਹੀ ਕਿਸੇ ਨੇ ਇਸ ਦੀ ਸਫਾਈ ਕਰਵਾਈ। ਸਮੱਸਿਆ ਇਹ ਹੈ ਕਿ ਇੱਥੋਂ ਹੁਣ ਗੰਦਗੀ ਦੀ ਬਦਬੂ ਆ ਰਹੀ ਹੈ।

ਸੁਖਦੇਵ ਥਾਪਰ ਦਾ ਜਨਮ 15 ਮਈ 1907 ਨੂੰ ਲੁਧਿਆਣਾ ਦੇ ਇਸ ਘਰ ਵਿੱਚ ਜਨਮੇ ਸ਼ਹੀਦ ਸੁਖਦੇਵ ਉਨ੍ਹਾਂ ਸ਼ਹੀਦਾਂ ਵਿੱਚੋਂ ਇੱਕ ਸੀ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਯੋਗਦਾਨ ਪਾਇਆ। ਉਸ ਨੇ ਭਗਤ ਸਿੰਘ ਅਤੇ ਰਾਜਗੁਰੂ ਦੇ ਨਾਲ ਫਾਂਸੀ ਦਾ ਰੱਸਾ ਚੁੰਮਿਆ ਸੀ। ਉਸ ਨੇ ਲਾਲਾ ਲਾਜਪਤ ਰਾਏ ਦੇ ਕਤਲ ਦਾ ਬਦਲਾ ਲੈਣ ਲਈ ਸ਼ਹੀਦ ਭਗਤ ਸਿੰਘ ਅਤੇ ਰਾਜਗੁਰੂ ਦਾ ਸਾਥ ਦਿੱਤਾ। ਉਸਦਾ ਘਰ ਅਜੇ ਵੀ ਇੱਥੇ ਮੌਜੂਦ ਹੈ ਅਤੇ ਪੁਰਾਤੱਤਵ ਵਿਭਾਗ ਦੁਆਰਾ ਇਸਦੀ ਦੇਖਭਾਲ ਕੀਤੀ ਜਾਂਦੀ ਹੈ।