‘ਦ ਖ਼ਾਲਸ ਬਿਊਰੋ :- ਅੱਜ ਪਗੜੀ ਸੰਭਾਲ ਦਿਵਸ ਮੌਕੇ ਸਿੰਘੂ ਬਾਰਡਰ ‘ਤੇ ਪਹੁੰਚੇ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸੰਧੂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ 23 ਮਾਰਚ (ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ)ਤੱਕ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕੀਤਾ ਤਾਂ ਉਹ ਕਿਸਾਨਾਂ ਦੇ ਹੱਕ ਵਿੱਚ ਮਰਨ ਵਰਤ ਰੱਖਣਗੇ। ਇਸ ਮੌਕੇ ਅਭੈ ਸੰਧੂ ਨੇ ਕਿਸਾਨਾਂ ਦੇ ਹੌਂਸਲੇ ਨੂੰ ਸਲਾਮ ਕੀਤਾ ਅਤੇ ਅੰਦੋਲਨ ਸਫਲ ਹੋਣ ਦੀ ਕਾਮਨਾ ਕੀਤੀ।
ਸਿੰਘੂ ਬਾਰਡਰ ‘ਤੇ ਅੱਜ ਸਵਾਮੀ ਸਹਿਜਾਨੰਦ ਸਰਸਵਤੀ ਦਾ ਜਨਮਦਿਨ ਵੀ ਮਨਾਇਆ ਗਿਆ। ਕਿਸਾਨ ਲੀਡਰਾਂ ਨੇ ਰਾਸ਼ਟਰ ਨਿਰਮਾਣ ਅਤੇ ਲੋਕ ਲਹਿਰਾਂ ਵਿੱਚ ਸਵਾਮੀ ਸਹਿਜਾਨੰਦ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਦੱਖਣੀ ਭਾਰਤ ਦੇ ਕਿਸਾਨਾਂ ਦਾ ਇੱਕ ਸਮੂਹ, ਮੁੱਖ ਤੌਰ ‘ਤੇ ਕਰਨਾਟਕ ਅਤੇ ਤੇਲੰਗਾਨਾ ਦੇ ਕਿਸਾਨ ਅੱਜ ਦਿੱਲੀ ਦੀਆਂ ਸਰਹੱਦਾਂ ‘ਤੇ ਪਹੁੰਚੇ। ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵਾਰ-ਵਾਰ ਇਸ ਅੰਦੋਲਨ ਨੂੰ ਕਿਸੇ ਖ਼ਾਸ ਖੇਤਰ ਦੀ ਲਹਿਰ ਵਜੋਂ ਰੱਦ ਕਰਦੀ ਹੈ, ਬਲਕਿ ਇਹ ਅੰਦੋਲਨ ਦੇਸ਼ ਭਰ ਦੇ ਕਿਸਾਨਾਂ ਦਾ ਹੈ।
ਮਹਾਰਾਸ਼ਟਰ ਦੇ ਨੰਦੂਰਬਾਰ ਵਿੱਚ, ਨਰਮਦਾ ਬਚਾਓ ਅੰਦੋਲਨ ਦੇ ਕਾਰਕੁੰਨਾਂ ਸਮੇਤ ਐੱਨਏਪੀਐੱਮ, ਏਆਈਕੇਐੱਸਸੀ, ਜੇਏਐੱਸਐੱਸ ਸਮੇਤ ਖੇਤਰੀ ਲੋਕਾਂ ਦੀ ਹਾਜ਼ਰੀ ਵਿੱਚ ਸਾਂਝੇ ਕਿਸਾਨ ਮੋਰਚੇ ਦੇ ਸੱਦੇ ’ਤੇ ਪਗੜੀ ਸੰਭਾਲ ਦਿਵਸ ਦਾ ਨਾਅਰਾ ਦਿੱਤਾ ਗਿਆ। ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਭਿਵਾਨੀ ਸ਼ਹਿਰ ‘ਚ ਏਆਈਕੇਕੇਐੱਮਐੱਸ ਵੱਲੋਂ ਵੀ ‘ਪਗੜੀ ਸੰਭਾਲ ਦਿਵਸ’ ਮਨਾਇਆ ਗਿਆ। ਦੀਨੋਦ ਗੇਟ ਤੋਂ ਨਹਿਰੂ ਪਾਰਕ ਤੱਕ ਵਿਸ਼ਾਲ ਜਲੂਸ ਕੱਢਿਆ ਗਿਆ। ਸਾਰਿਆਂ ਨੇ ‘ਪਗੜੀ ਸੰਭਾਲ ਲਹਿਰ ਦੇ ਪ੍ਰਤੀਕ ਵਜੋਂ ਸਰਦਾਰ ਅਜੀਤ ਸਿੰਘ ਅਤੇ ਸਵਾਮੀ ਸਹਿਜਾਨੰਦ ਸਰਸਵਤੀ ਦੇ ਵਿਚਾਰਾਂ ਨੂੰ ਅੱਗੇ ਤੋਰਨ ਦਾ ਵਾਅਦਾ ਕੀਤਾ।
ਕਿਸਾਨ ਲੀਡਰਾਂ ਨੇ ਕਿਹਾ ਕਿ ਖੇਤੀ ਪਹਿਲਾਂ ਹੀ ਬਹੁਤ ਡੂੰਘੇ ਸੰਕਟ ਵਿੱਚੋਂ ਲੰਘ ਰਹੀ ਹੈ, ਹੁਣ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਲਾਗੂ ਕਰਨਾ ਅਤੇ ਐੱਮਐੱਸਪੀ ਦੀ ਅਣਹੋਂਦ ਇਸ ਸੰਕਟ ਵਿੱਚ ਹੋਰ ਵਾਧਾ ਕਰੇਗੀ ਅਤੇ ਖੇਤੀ ਬੁਰੀ ਤਰ੍ਹਾਂ ਬਰਬਾਦ ਹੋ ਜਾਵੇਗੀ।