India

ਹਰਿਆਣਾ ਵਿੱਚ ਗ੍ਰਹਿ ਮੰਤਰੀ ਸ਼ਾਹ ਦਾ ਦਾਅਵਾ! ‘ਹਰ ਅਗਨੀਵੀਰ ਨੂੰ ਪੈਨਸ਼ਨ ਦੇ ਨਾਲ ਨੌਕਰੀ ਦੇਵਾਂਗੇ!’ ਰਾਖਵੇਂਕਰਨ ਬਾਰੇ ਵੱਡਾ ਦਾਅਵਾ

ਬਿਉਰੋ ਰਿਪੋਰਟ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰਿਆਣਾ ਚੋਣਾਂ ਨੂੰ ਲੈ ਕੇ ਅੱਜ ਸ਼ੁੱਕਰਵਾਰ ਨੂੰ 3 ਰੈਲੀਆਂ ਕੀਤੀਆਂ। ਰੇਵਾੜੀ ਵਿੱਚ ਪਹਿਲੀ ਰੈਲੀ ਕਰਦਿਆਂ ਸ਼ਾਹ ਨੇ ਕਿਹਾ ਕਿ ਫੌਜ ’ਚ ਭਰਤੀ ਹੋਣ ਵਾਲੇ ਹਰ ਅਗਨੀਵੀਰ ਨੂੰ ਪੈਨਸ਼ਨ ਦੇ ਨਾਲ ਨੌਕਰੀ ਦਿੱਤੀ ਜਾਵੇਗੀ।

ਇਸ ਮੌਕੇ ਅਮਿਤ ਸ਼ਾਹ ਵਿਰੋਧੀ ਧਿਰ ਕਾਂਗਰਸ ’ਤੇ ਵੀ ਹਮਲਾ ਕਰਨ ਤੋਂ ਪਿੱਛੇ ਨਹੀਂ ਰਹੇ। ਉਨ੍ਹਾਂ ਕਿਹਾ ਕਿ ਕਾਂਗਰਸੀ ਫੌਜ ਦੀ ਇੱਜ਼ਤ ਨਹੀਂ ਕਰਦੇ। ਕਾਂਗਰਸ ਨੇ ਆਰਮੀ ਚੀਫ ਨੂੰ ਗੁੰਡਾ ਕਿਹਾ ਸੀ। ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਵੇਲੇ ਡੀਲਰਾਂ ਅਤੇ ਦਲਾਲਾਂ ਵੱਲੋਂ ਨਿਯੁਕਤੀ ਪੱਤਰ ਦਿੱਤੇ ਜਾਂਦੇ ਸਨ ਪਰ ਭਾਜਪਾ ਵਿੱਚ ਇਹ ਡਾਕੀਏ ਵੱਲੋਂ ਦਿੱਤੇ ਜਾਂਦੇ ਹਨ। ਅਮਿਤ ਸ਼ਾਹ ਨੇ ਇੱਥੇ ਦਾਅਵਾ ਕੀਤਾ ਕਿ ਬੀਜੇਪੀ ਸਰਕਾਰ ਨੇ ਡੀਲਰ-ਦਾਮਾਦ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਹੈ। ਸ਼ਾਹ ਨੇ ਰਾਹੁਲ ਗਾਂਧੀ ਨੂੰ ਚੁਣੌਤੀ ਵੀ ਦਿੱਤੀ ਕਿ ਉਹ ਕਾਂਗਰਸ ਸ਼ਾਸਤ ਰਾਜਾਂ ਵਿੱਚ ਐਮਐਸਪੀ ਲਾਗੂ ਕਰਕੇ ਦਿਖਾਉਣ।

ਇਸ ਤੋਂ ਬਾਅਦ ਉਹ ਅੰਬਾਲਾ ਦੇ ਬਰਾੜਾ ਪਹੁੰਚੇ। ਇੱਥੇ ਸ਼ਾਹ ਨੇ ਕਿਹਾ- ਜਦੋਂ ਹਰਿਆਣਾ ’ਚ ਕਾਂਗਰਸ ਦੀ ਸਰਕਾਰ ਸੀ ਤਾਂ 3ਡੀ ਕੰਮ ਕਰਦੀ ਸੀ। ਕਾਂਗਰਸ ਦਲਿਤਾਂ ’ਤੇ ਜ਼ੁਲਮ ਕਰਦੀ ਹੈ। ਗੋਹਾਨਾ ਅਤੇ ਮਿਰਚਪੁਰ ਦੀਆਂ ਘਟਨਾਵਾਂ ਨੂੰ ਲੋਕ ਅਜੇ ਤੱਕ ਨਹੀਂ ਭੁੱਲੇ ਹਨ। ਸ਼ਾਹ ਨੇ ਕਾਂਗਰਸ ਸਾਂਸਦ ਕੁਮਾਰੀ ਸ਼ੈਲਜਾ ਦੇ ਬਹਾਨੇ ਸਾਬਕਾ ਸੀਐੱਮ ਭੂਪੇਂਦਰ ਹੁੱਡਾ ਨੂੰ ਘੇਰਿਆ ਅਤੇ ਕਿਹਾ- ਹੁੱਡਾ ਦੀ ਮਾਨਸਿਕਤਾ ਹੈ ਕਿ ਜੇਕਰ ਉਹ ਦਲਿਤ ਭੈਣ ਸ਼ੈਲਜਾ ਨੂੰ ਚੋਣ ਪ੍ਰਚਾਰ ਲਈ ਬੁਲਾਉਂਦੇ ਹਨ ਤਾਂ ਉਹ ਹਾਰ ਜਾਣਗੇ।

ਤੀਜੀ ਰੈਲੀ ਕੁਰੂਕਸ਼ੇਤਰ ਦੇ ਲਾਡਵਾ ਵਿੱਚ ਹੋਈ। ਇੱਥੇ ਵੀ ਸ਼ਾਹ ਰਾਹੁਲ ਗਾਂਧੀ ’ਤੇ ਸ਼ਬਦੀ ਵਾਰ ਕੀਤੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਅਮਰੀਕਾ ਵਿੱਚ ਸੱਚ ਬੋਲਿਆ ਕਿ SC ਅਤੇ OBC ਦਾ ਵਿਕਾਸ ਹੋ ਗਿਆ ਹੈ, ਹੁਣ ਰਾਖਵਾਂਕਰਨ ਹਟਾਇਆ ਜਾਵੇਗਾ। ਸ਼ਾਹ ਨੇ ਕਿਹਾ ਕਿ ਜਦੋਂ ਤੱਕ ਭਾਜਪਾ ਦੀ ਮੋਦੀ ਸਰਕਾਰ ਹੈ, ਰਾਖਵਾਂਕਰਨ ਖ਼ਤਮ ਨਹੀਂ ਹੋਣ ਦਿੱਤਾ ਜਾਵੇਗਾ।