Punjab Religion

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭੁੱਲ ਦੀ ਸੁਣਾਈ ਜਾਂਦੀ ਹੈ ‘ਸਜ਼ਾ’ ਜਾਂ ‘ਸੇਵਾ?’ ਇੱਕ ਮੀਡੀਆ ਅਦਾਰੇ ਦੇ ਸਵਾਲ ’ਤੇ SGPC ਦਾ ਤਗੜਾ ਜਵਾਬ

ਬਿਉਰੋ ਰਿਪੋਰਟ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੋਜ਼ਾਨਾ ਸਪੋਕਸਮੈਨ ਨੂੰ ਇੱਕ ਵਾਰ ਫਿਰ ਤਾੜਨਾ ਕਰਦਿਆਂ ਪੰਥ ਵਿਰੋਧੀ ਲਿਖਤਾਂ ਲਿਖਣ ਤੇ ਪ੍ਰਚਾਕ ਕਰਨ ’ਤੇ ਸਖ਼ਤ ਚੇਤਾਵਨੀ ਦਿੱਤੀ ਹੈ। 10 ਮਾਰਚ, 2004 ਨੂੰ ਜਾਰੀ ਹੁਕਮਨਾਮੇ ਦੀ ਨਕਲ ਸ਼ੇਅਰ ਕਰਦਿਆ SGPC ਨੇ ਯਾਦ ਕਰਵਾਇਆ ਹੈ ਕਿ ਸਪੋਕਸਮੈਨ ਨੂੰ ਪਹਿਲਾਂ ਵੀ ਕਈ ਵਾਰ ਸਖ਼ਤ ਤਾੜਨਾ ਕੀਤੀ ਗਈ, ਤਨਖ਼ਾਹੀਆ ਕਰਾਰ ਕੀਤਾ ਗਿਆ, ਇੱਥੋਂ ਤੱਕ ਕਿ ਪੰਥ ’ਚੋਂ ਛੇਕ ਵੀ ਦਿੱਤਾ ਗਿਆ, ਪਰ ਇਸ ਮੀਡੀਆ ਅਦਾਰੇ ਨੇ ਆਪਣੀ ਪੰਥ ਵਿਰੋਧੀ ਸੋਚ ਦੀ ਪ੍ਰੋੜਤਾ ਕਰਨੀ ਜਾਰੀ ਰੱਖੀ ਹੈ।

ਦਰਅਸਲ 15 ਜੁਲਾਈ ਨੂੰ ਵੱਖ-ਵੱਖ ਮਸਲਿਆਂ ’ਤੇ ਸੁਣਵਾਈ ਕਰਦਿਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੁਝ ਸਿੱਖਾਂ ਨੂੰ ਪਸ਼ਚਾਤਾਪ ਦੇ ਤੌਰ ’ਤੇ ਧਾਰਮਿਕ ਸੇਵਾਵਾਂ ਕਰਨ ਲਈ ਆਦੇਸ਼ ਕੀਤੇ ਗਏ ਸਨ। ਜਿਸ ਤੋਂ ਬਾਅਦ ਰੋਜ਼ਾਨਾ ਸਪੋਕਸਮੈਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ’ਤੇ ਟਿੱਪਣੀ ਕਰਦਿਆਂ – ਗੁਰਬਾਣੀ ਪਾਠ ਕਰਨ, ਬਰਤਨ ਧੋਣ ਆਦਿ ਦੀ ਲਗਾਈ ਗਈ ਸੇਵਾ ਨੂੰ “ਸਜ਼ਾ” ਕਹਿ ਕੇ ਪ੍ਰਚਾਰਨਾ ਸ਼ੁਰੂ ਕੀਤਾ ਅਤੇ ਕੋਝੇ ਸਵਾਲ ਚੁੱਕੇ।

ਸ਼੍ਰੋਮਣੀ ਕਮੇਟੀ ਨੇ ਤੱਥ ਸਪਸ਼ਟ ਕਰਦਿਆਂ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਵੱਖ-ਵੱਖ ਮਾਮਲਿਆਂ ਦਾ ਨਿਪਟਾਰਾ ਕਰਦੇ ਹੋਏ ਕਿਧਰੇ ਵੀ “ਸਜ਼ਾ” ਸ਼ਬਦ ਦੀ ਵਰਤੋਂ ਨਹੀਂ ਕੀਤੀ ਬਲਕਿ ਉਨ੍ਹਾਂ ਨੇ “ਸੇਵਾ” ਸ਼ਬਦ ਵਰਤਿਆ ਹੈ ਅਤੇ ਸਬੰਧਿਤ ਸਿੱਖਾਂ ਨੂੰ ਲਗਾਈ ਗਈ ਸੇਵਾ ਕਰਨ ਦੀ ਤਾਕੀਦ ਕੀਤੀ ਸੀ।

SGPC ਨੇ ਇਕ ਹੋਰ ਖ਼ਬਰ ਦਾ ਜਿਕਰ ਕਰਦੇ ਹੋਏ ਕਿਹਾ ਕਿ ਸਬੰਧਿਤ ਮੀਡੀਆ ਅਦਾਰੇ ਨੇ 17 ਜੁਲਾਈ ਨੂੰ ਪ੍ਰਕਾਸ਼ਿਤ ਕੀਤੀ ਗਈ ਇਕ ਖ਼ਬਰ ਵਿੱਚ ਵੀ ਸੁਪਰੀਮ ਕੋਰਟ ਦੇ ਕਿਸੇ ਹੋਰ ਮਾਮਲੇ ਵਿਚ 2014 ਦੇ ਫ਼ੈਸਲੇ ਨੂੰ ਗ਼ਲਤ ਰੰਗਤ ਦੇ ਕੇ ਤਖ਼ਤ ਸਾਹਿਬਾਨ ਅਤੇ ਜਥੇਦਾਰ ਸਾਹਿਬਾਨ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਪੱਛਮ ਬੰਗਾਲ ਦੇ ਇਕ ਮਾਮਲੇ ਵਿੱਚ ਕਿਸੇ ਗੁਰਦੁਆਰਾ ਕਮੇਟੀ ਦੇ ਆਗੂ ਵਲੋਂ ਅਣਅਧਿਕਾਰਿਤ ਰੂਪ ਵਿਚ ਕਿਸੇ ਸਿੱਖ ਨੂੰ ਛੇਕਣ ਦੇ ਮਾਮਲੇ ਨੂੰ ਵੀ ਇਸ ਅਖਬਾਰ ਨੇ ਬੀਤੇ ਸਮੇਂ ਤਖ਼ਤ ਸਾਹਿਬਾਨ ਦੇ ਅਧਿਕਾਰ ਖੇਤਰ ਤੇ ਸਿਧਾਂਤ ਉੱਤੇ ਸਵਾਲ ਚੁੱਕਣ ਦੀ ਕੋਸ਼ਿਸ਼ ਕੀਤੀ ਸੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਖਿਆ ਹੈ ਕਿ ਖ਼ਾਲਸਾ ਪੰਥ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਧਾਰਮਿਕ ਅਤੇ ਰਾਜਨੀਤਕ ਮਸਲਿਆਂ ਦੇ ਨਿਪਟਾਰੇ ਲਈ ਸਿੱਖਾਂ ਦਾ ਸਰਬਉੱਚ ਤਖ਼ਤ ਹੈ, ਜਿੱਥੋਂ ਜਾਰੀ ਹੋਇਆ ਫੁਰਮਾਨ ਹਰ ਸਿੱਖ ਨਿਮਾਣਾ ਹੋ ਕੇ ਮੰਨਦਾ ਹੈ। ਕੋਈ ਗ਼ਲਤੀ ਹੋ ਜਾਣ ਤੇ ਅਦਬ ਸਤਿਕਾਰ ਸਹਿਤ ਭੁੱਲ ਬਖਸ਼ਾਉਂਦਾ ਹੈ। ਸਿੱਖ ਰਹਿਤ ਮਰਿਯਾਦਾ ਮੁਤਾਬਿਕ ਗ਼ਲਤੀ ਕਰਨ ’ਤੇ ਤਨਖ਼ਾਹ ਦੇ ਰੂਪ ’ਚ ਕਿਸੇ ਕਿਸਮ ਦੀ ਸੇਵਾ ਖਾਸ ਕਰਕੇ ਹੱਥੀਂ ਕੀਤੀ ਜਾਣ ਵਾਲੀ ਸੇਵਾ ਲਾਉਣ ਦੀ ਤਜ਼ਵੀਜ਼ ਹੈ। ਪਰ ਸਿੱਖੀ ਸਿਧਾਂਤਾਂ ਤੋਂ ਕੋਰੇ ਕੁਝ ਮੀਡੀਆ ਅਦਾਰੇ ਖ਼ਾਸਕਰ ਰੋਜ਼ਾਨਾ ਸਪੋਕਸਮੈਨ ਲਗਾਤਾਰ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰ ਰਹੇ ਹਨ।

ਸ਼੍ਰੋਮਣੀ ਕਮੇਟੀ ਨੇ ਯਾਦ ਕਰਵਾਇਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 10 ਮਾਰਚ 2004 ਨੂੰ ਇੱਕ ਹੁਕਮਨਾਮਾ ਜਾਰੀ ਕਰਕੇ ਸਪੋਕਸਮੈਨ ਦੇ ਮੁੱਖ ਸੰਪਾਦਕ ਜੋਗਿੰਦਰ ਸਿੰਘ ਨੂੰ ਪੰਥ ਵਿਰੋਧੀ ਕਾਰਜ ਕਰਨ, ਸਿੱਖ ਸਿਧਾਤਾਂ, ਸਿੱਖ ਇਤਿਹਾਸ, ਰਹਿਤ ਮਰਿਯਾਦਾ, ਸਿੱਖ ਪ੍ਰੰਪਰਾਵਾਂ ਅਤੇ ਸਿੱਖ ਸੰਸਥਾਵਾਂ ਨਾਲ ਸਬੰਧਤ ਮਹੱਤਵਪੂਰਨ ਵਿਸ਼ਿਆਂ ਨੂੰ ਵਿਗਾੜ ਕੇ ਪੇਸ਼ ਕਰਨ ਸਬੰਧੀ ਗੁਮਰਾਹਕੁੰਨ ਲਿਖਤਾਂ ਪ੍ਰਕਾਸ਼ਿਤ ਕਰਨ ਕਰਕੇ ਪੰਥ ’ਚੋਂ ਖਾਰਜ ਕਰ ਦਿੱਤਾ ਸੀ। ਸਮੂਹ ਸਿੱਖ ਸੰਗਤ ਨੂੰ ਆਦੇਸ਼ ਵੀ ਕੀਤਾ ਗਿਆ ਸੀ ਕਿ ਉਕਤ ਜੋਗਿੰਦਰ ਸਿੰਘ ਨਾਲ ਰੋਟੀ ਬੇਟੀ ਦੇ ਸਾਂਝ ਨਾ ਰੱਖੀ ਜਾਵੇ ਅਤੇ ਉਸ ਵੱਲੋਂ ਸੰਪਾਦਤ ਪ੍ਰਕਾਸ਼ਨਾਵਾਂ, ਉਸ ਦੀਆਂ ਲਿਖਤਾਂ ਆਦਿ ਨੂੰ ਕਿਸੇ ਕਿਸਮ ਦਾ ਕੋਈ ਵੀ ਸਹਿਯੋਗ ਨਾ ਦਿੱਤਾ ਜਾਵੇ। ਪਰ ਇਸ ਦੇ ਬਾਵਜੂਦ ਵੀ ਇਸ ਅਦਾਰੇ ਦੇ ਸੰਪਾਦਕ ਨੇ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਅੱਜ ਤਕ ਆਪਣੀ ਗ਼ਲਤੀ ਮੰਨਣ ਦੀ ਬਜਾਏ ਕੋਝੀਆਂ ਲਿਖਤਾਂ ਲਿਖ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਇਕ ਤਰ੍ਹਾਂ ਨਾਲ ਚੁਣੌਤੀ ਦੇਣ ਦੀ ਹਰਕਤ ਜਾਰੀ ਰੱਖੀ ਹੈ।

May be an image of text

ਇਹ ਵੀ ਪੜ੍ਹੋ – ਅੰਮ੍ਰਿਤਪਾਲ ਸਿੰਘ ਦੇ ਭਰਾ ਖ਼ਿਲਾਫ਼ ਵੱਡੇ ਐਕਸ਼ਨ ਦੀ ਤਿਆਰੀ ’ਚ ਪੁਲਿਸ! ਅਦਾਲਤ ਤੋਂ ਮੰਗੀ ਇਜਾਜ਼ਤ!