Punjab

ਵਾਤਾਵਰਨ ਦੀ ਸੁਰੱਖਿਆ ਲਈ SGPC ਦਾ ਵੱਡਾ ਫੈਸਲਾ, ਗੁਰਦੁਆਰਿਆਂ ਦੇ ਨਾਲ ਲੱਗਦੀ ਜ਼ਮੀਨ ‘ਤੇ ਲਾਇਆ ਜਾਵੇਗਾ ਜੰਗਲ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਾਤਾਵਰਣ ਦੀ ਸੁਰੱਖਿਆ ਲਈ ਵੱਡਾ ਫੈਸਲਾ ਲੈਂਦਿਆਂ ਜੰਗਲ ਲਗਾਉਣ ਦੀ ਗੱਲ ਕਹੀ ਹੈ। ਸ਼੍ਰੋਮਣੀ ਕਮੇਟੀ ਨੇ ਇਹ ਫੈਸਲਾ ਮੱਤੇਵਾੜਾ ਦੇ ਜੰਗਲਾਂ ਨੂੰ ਕੱਟ ਕੇ ਉਦਯੋਗ ਸਥਾਪਤ ਕਰਨ ਦੇ ਫੈਸਲੇ ਦੇ ਮੱਦੇਨਜ਼ਰ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਜੰਗਲ ਦੀ ਇੱਕ ਇਤਿਹਾਸਕ ਮਾਨਤਾ ਹੈ। ਇਸ ਦੇ ਬਾਵਜੂਦ ਸਰਕਾਰ ਨੇ ਵਾਤਾਵਰਨ ਨੂੰ ਦਰਕਿਨਾਰ ਕਰਦਿਆਂ ਦਰੱਖਤਾਂ ਦੀ ਕਟਾਈ ਕਰਕੇ ਉਦਯੋਗ ਲਗਾਉਣ ਦੀ ਗੱਲ ਕੀਤੀ ਹੈ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੱਤੇਵਾੜਾ ਦੇ ਜੰਗਲਾਂ ਦੀ ਕਟਾਈ ਦੀ ਨਿਖੇਧੀ ਕੀਤੀ ਹੈ ।

 ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਸਰਕਾਰਾਂ ਵਾਤਾਵਰਨ ਨੂੰ ਬਚਾਉਣ ਦੀਆਂ ਗੱਲਾਂ ਕਰ ਰਹੀਆਂ ਹਨ, ਦੂਜੇ ਪਾਸੇ ਜੰਗਲ ਕੱਟਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ । ਜੇਕਰ ਜੰਗਲਾਂ ਨੂੰ ਕੱਟ ਦਿੱਤਾ ਗਿਆ ਤਾਂ ਇਹ ਮਨੁੱਖਤਾ ਦਾ ਕਤਲ ਹੋਵੇਗਾ । ਇਸ ਲਈ ਵਾਤਾਵਰਨ ਪ੍ਰਤੀ ਆਪਣਾ ਫਰਜ਼ ਨਿਭਾਉਂਦੇ ਹੋਏ ਸ਼੍ਰੋਮਣੀ ਕਮੇਟੀ ਆਪਣੇ ਗੁਰਦੁਆਰਿਆਂ ਦੇ ਆਲੇ-ਦੁਆਲੇ 1-1 ਏਕੜ ਜ਼ਮੀਨ ‘ਤੇ ਜੰਗਲ ਵਸਾਵੇਗੀ । ਇਹ ਵਾਤਾਵਰਨ ਨੂੰ ਬਚਾਉਣ ਦਾ ਇੱਕ ਉਪਰਾਲਾ ਹੈ। ਇਸ ਨਾਲ ਲੋਕਾਂ ਨੂੰ ਸ਼ੁੱਧ ਹਵਾ ਲੈਣ ਵਿੱਚ ਆਸਾਨੀ ਹੋਵੇਗੀ ਅਤੇ ਜੰਗਲੀ ਜੀਵਾਂ ਨੂੰ ਵੀ ਸੁਰੱਖਿਆ ਮਿਲੇਗੀ।

ਦੱਸ ਦੇਈਏ ਕਿ ਪਿਛਲੇ ਵਿਧਾਨ ਸਭਾ ਸੈਸ਼ਨ ਵਿੱਚ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਸਤਲੁਜ ਦੇ ਕੰਢੇ ਸਥਿਤ ਇਕਲੌਤੇ ਜੰਗਲ ਮੱਤੇਵਾੜਾ ਨੂੰ ਇੰਡਸਟ੍ਰੀਅਲ ਪਾਰਕ ਵਿੱਚ ਤਬਦੀਲ ਕਰਨ ਦਾ ਐਲਾਨ ਕੀਤਾ ਹੈ । 4000 ਏਕੜ ਵਿੱਚ ਫੈਲੇ ਇਸ ਜੰਗਲ ਨੇ ਮੌਜੂਦਾ ਸਮੇਂ ਵਿੱਚ ਜੰਗਲੀ ਜੀਵਾਂ ਦੀਆਂ ਸੈਂਕੜੇ ਕਿਸਮਾਂ ਨੂੰ ਆਪਣੀ ਗੋਦ ਵਿੱਚ ਸਾਂਭਿਆ ਹੋਇਆ ਹੈ। ਹਾਈਵੇਅ ਦੇ ਆਧੁਨਿਕੀਕਰਨ ਤੋਂ ਬਾਅਦ ਪੰਜਾਬ ਵਿੱਚ ਹੁਣ ਸਿਰਫ਼ 3.50 ਫ਼ੀਸਦੀ ਜੰਗਲ ਹੀ ਬਚੇ ਹਨ।