‘ਦ ਖ਼ਾਸਲ ਬਿਊਰੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਫਗਾ ਨਿਸਤਾਨ ਦੇ ਸਿੱਖਾਂ ਦੀ ਮੱਦਦ ਲਈ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਮੌਜੂਦਾ ਹਾਲਾਤ ਦੇ ਚੱਲਦਿਆਂ ਜਿਹੜੇ ਸਿੱਖ ਅਫਗਾ ਨਿਸਤਾਨ ਤੋਂ ਭਾਰਤ ਆਉਣਾ ਚਾਹੁੰਦੇ ਹਨ, ਉਨ੍ਹਾਂ ਦੀਆਂ ਹਵਾਈ ਟਿਕਟਾਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਵੇਗਾ। ਐਡਵੋਕੇਟ ਧਾਮੀ ਨੇ ਇਸ ਸਬੰਧ ਵਿਚ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਫਗਾ ਨਿਸਤਾਨ ’ਚ ਰਹਿ ਰਹੇ ਸਿੱਖਾਂ ਨੂੰ ਸੁਰੱਖਿਅਤ ਭਾਰਤ ਲਿਆਉਣ ਦੀ ਤੁਰੰਤ ਮਨਜ਼ੂਰੀ ਦੇਵੇ, ਤਾਂ ਕਿ ਉਹ ਡ ਰ ਭ ਰੇ ਮਾਹੌਲ ’ਚੋਂ ਨਿਕਲ ਸਕਣ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ’ਚ ਰਹਿੰਦੇ ਸਿੱਖਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਜਿੰਨਾ ਕੋਲ ਆਵਾਜਾਈ ਦੇ ਖਰਚਿਆਂ ਦਾ ਪ੍ਰਬੰਧ ਨਹੀਂ ਹੈ, ਉਨ੍ਹਾਂ ਲਈ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਹਰ ਤਰ੍ਹਾਂ ਦਾ ਸਹਿਯੋਗ ਕਰੇਗੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਬੀਤੇ ਕੱਲ੍ਹ ਹੀ ਦਿੱਲੀ ਵਿਖੇ ਅਫਗਾਨੀ ਸਿੱਖਾਂ ਨਾਲ ਉਨ੍ਹਾਂ ਦੀ ਗੱਲ ਹੋਈ ਹੈ, ਜਿਨ੍ਹਾਂ ਨੇ ਅਫਗਾਨਿਸਤਾਨ ’ਚ ਰਹਿ ਰਹੇ ਸਿੱਖਾਂ ਦੀਆਂ ਤਕਲੀਫਾਂ ਬਾਰੇ ਜਾਣੂ ਕਰਵਾਇਆ ਹੈ।
ਅਫਗਾਨੀ ਸਿੱਖਾਂ ਵਿਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਦੇ ਚੱਲਦਿਆਂ ਭਾਰਤ ਰਹਿੰਦੇ ਅਫਗਾਨੀ ਸਿੱਖਾਂ ਸਮੇਤ ਪੂਰੀ ਸਿੱਖ ਕੌਮ ਚਿੰਤਤ ਹੈ। ਅਜਿਹੇ ਸੰਕਟਮਈ ਸਮੇਂ ਵਿਚ ਅਫਗਾਨਿਸਤਾਨ ਦੇ ਸਿੱਖਾਂ ਨਾਲ ਪੂਰੀ ਕੌਮ ਨੂੰ ਹਮਦਰਦੀ ਹੈ ਅਤੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵੀ ਇਨ੍ਹਾਂ ਦਾ ਦਰਦ ਮਹਿਸੂਸ ਕਰਦੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਭਾਵੇਂ ਅਫਗਾਨਿਸਤਾਨ ’ਚ ਆਪਣੇ ਕਾਰੋਬਾਰਾਂ ਅਤੇ ਜਾਨ ਤੋਂ ਪਿਆਰੇ ਗੁਰੂ-ਘਰਾਂ ਨੂੰ ਛੱਡ ਕੇ ਆਉਣਾ ਸਿੱਖਾਂ ਲਈ ਬਹੁਤ ਔਖਾ ਹੈ, ਪਰ ਤਲਖ ਹਾਲਾਤਾਂ ਅੱਗੇ ਉਥੇ ਰਹਿੰਦੇ ਸਿੱਖ ਬੇਵੱਸ ਹਨ। ਇਸ ਦੇ ਚੱਲਦਿਆਂ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਫਗਾਨਿਸਤਾਨ ’ਚ ਹਰ ਸਿੱਖ ਦੀ ਸੁਰੱਖਿਆ ਲਈ ਸੰਜੀਦਾ ਯਤਨ ਕਰੇ ਅਤੇ ਉਨ੍ਹਾਂ ਨੂੰ ਭਾਰਤ ਲਿਆ ਕੇ ਨਾਗਰਿਕਤਾ ਦੇਵੇ।