ਅੰਮ੍ਰਿਤਸਰ : ਸਿੱਖਾਂ ਦੀ ਸਿਰਮੋਰ ਸੰਸਥਾ ਕਹੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਐਕਜ਼ੈਕਟਿਵ ਬੈਠਕ ਹੋਈ,ਜਿਸ ਵਿੱਚ ਹੇਠ ਲਿਖੇ ਮਤੇ ਪਕਾਏ ਗਏ। ਬੈਠਕ ਤੋਂ ਬਾਅਦ ਹੋਈ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਈ ਅਹਿਮ ਐਲਾਨ ਕੀਤੇ,ਜਿਸ ਵਿੱਚ ਬੰਦੀ ਸਿੰਘਾਂ ਲਈ ਅੰਤਰਰਾਸ਼ਟਰੀ ਅਦਾਲਤ ਤੱਕ ਪਹੁੰਚ ਕਰਨੀ ਤੇ ਰਾਮ ਰਹੀਮ ਦੀ ਪੈਰੋਲ ਦੇ ਖਿਲਾਫ਼ ਹਾਈ ਕੋਰਟ ਜਾਣ ਦਾ ਐਲਾਨ ਮੁੱਖ ਹਨ।
1.ਭਾਈ ਬਲਵੰਤ ਸਿੰਘ ਰਾਜੋਆਣਾ ਵਾਂਗ ਹੁਣ ਭਾਈ ਜਗਤਾਰ ਸਿੰਘ ਹਵਾਰਾ,ਭਾਈ ਦਵਿੰਦਰਪਾਲ ਸਿੰਘ ਭੁਲਰ,ਭਾਈ ਗੁਰਮੀਤ ਸਿੰਘ ਖਹਿੜਾ,ਭਾਈ ਜਗਤਾਰ ਸਿੰਘ ਤਾਰਾ,ਭਾਈ ਲਖਵਿੰਦਰ ਸਿੰਘ ਲੱਖਾ,ਭਾਈ ਗੁਰਮੀਤ ਸਿੰਘ,ਭਾਈ ਸ਼ਮਸ਼ੇਰ ਸਿੰਘ,ਭਾਈ ਪਰਮਜੀਤ ਸਿੰਘ ਭਿਊਰਾ ਨੂੰ 20,000 ਰੁਪਏ ਪ੍ਰਤੀ ਮਹੀਨਾ ਸਨਮਾਨ ਭੱਤਾ ਦਿੱਤਾ ਜਾਵੇਗਾ।
2.ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਹਰ ਤਰਾਂ ਦੀ ਲੋੜੀਂਦੀ ਸਹਾਇਤਾ SGPC ਦੇਵੇਗੀ।
3.ਵੱਡੇ ਤੇ ਕਾਬਿਲ ਕਾਨੂੰਨੀ ਮਾਹਿਰਾਂ ਤੇ ਵਕੀਲਾਂ ਦਾ ਪੈਨਲ ਬਣਾਇਆ ਗਿਆ ਹੈ ਤਾਂ ਜੋ ਲੋੜਵੰਦਾਂ ਤੇ ਬੰਦੀ ਸਿੰਘਾਂ ਦੇ ਕੇਸਾਂ ਦੀ ਅਦਾਲਤ ਵਿੱਚ ਕਾਨੂੰਨੀ ਪੈਰਵਾਈ ਕੀਤੀ ਜਾ ਸਕੇ। ਕਾਨੂੰਨੀ ਮਦਦ ਲਈ ਕੋਈ ਵੀ ਇਹਨਾਂ ਦੀ ਮਦਦ ਚਾਹੁੰਦਾ ਹੋਵੇ ਤਾਂ ਉਹ SGPC ਨਾਲ ਸੰਪਰਕ ਕਰ ਸਕਦਾ ਹੈ।
4.ਤੇਤੀ ਸਾਲਾਂ ਤੋਂ ਕੈਦ ਵਿੱਚ ਬੰਦੀ ਸਿੰਘਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ ਹੈ। ਇਸ ਲਈ ਕਾਨੂੰਨੀ ਮਾਹਿਰਾਂ ਤੇ ਵਕੀਲਾਂ ਦਾ ਪੈਨਲ UNO ਜਾਂ ਅੰਤਰਰਾਸ਼ਟਰੀ ਅਦਾਲਤ ਵਿੱਚ ਅਪੀਲ ਦਾਇਰ ਕਰੇਗਾ।
5.SGPC ਵੱਲੋਂ ਚਲਾਈ ਗਈ ਦਸਤਖਤ ਮੁਹਿੰਮ ਨੂੰ ਜੰਗੀ ਪੱਧਰ ‘ਤੇ ਤੇਜ ਕੀਤਾ ਜਾਵੇਗਾ ਤੇ ਸਾਰੇ SGPC ਮੈਂਬਰ ਆਪੋ ਆਪਣੇ ਇਲਾਕੇ ਵਿੱਚ ਸਕੂਲਾਂ-ਕਾਲਜਾਂ ਤੇ ਗੁਰੂਘਰਾਂ ‘ਚ ਇਹ ਮੁਹਿੰਮ ਚਲਾਉਣਗੇ। ਹੁਣ ਤੱਕ 12 ਲੱਖ ਲੋਕਾਂ ਨੇ ਇਹ ਫਾਰਮ ਭਰੇ ਹਨ ਤੇ ਹਿੰਦੂ ਭਾਈਚਾਰੇ ਦੇ ਲੋਕਾਂ ਤੋਂ ਵੀ ਸਹਿਯੋਗ ਮਿਲ ਰਿਹਾ ਹੈ।
6.SGPC ਦੇ ਇੱਕ 13 ਮੈਂਬਰੀ NRI advisory board ਬਣਾਇਆ ਗਿਆ ਹੈ ,ਜਿਸ ਵਿੱਚ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਮੈਂਬਰ ਸ਼ਾਮਿਲ ਕੀਤੇ ਜਾਣਗੇ।
7.ਡੇਰਾ ਸਾਧ ਦੀ ਪੈਰੋਲ ਨੂੰ SGPC ਨੇ ਕਾਨੂੰਨ ਦੀ ਤੌਹੀਨ ਦੱਸਿਆ ਹੈ ਤੇ ਅਦਾਲਤ ਵਿੱਚ ਚੁਣੌਤੀ ਦੇਣ ਦਾ ਫੈਸਲਾ ਵੀ ਕੀਤਾ ਹੈ ਤੇ ਕਿਹਾ ਹੈ ਕਿ ਇਸ ਸੰਬੰਧ ਵਿੱਚ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਜਾਵੇਗੀ।
8.ਸੰਨ 1999 ‘ਚ ਪੰਜਾਂ ਪਿਆਰਿਆਂ ਦੇ ਨਾਮ ‘ਤੇ ਬਣੇ ਹੈਲਥ ਸੈਂਟਰਾਂ ਭਾਈ ਦਇਆ ਸਿੰਘ ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰ ਮੁਸਤਫਾਬਾਦ,ਭਾਈ ਧਰਮ ਸਿੰਘ ਜੀ ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰ ਰਣਜੀਤ ਐਵਿਨਿਉ,ਭਾਈ ਹਿਮੰਤ ਸਿੰਘ ਸੈਟੇਲਾਈਟ ਹਸਪਤਾਲ ਘਣੁਪੁਰ ਕਾਲੇ ਅੰਮ੍ਰਿਤਸਰ, ਭਾਈ ਹਿਮੰਤ ਸਿੰਘ ਸੈਟੇਲਾਈਟ ਹਸਪਤਾਲ ਸਕੱਤਰੀ ਬਾਗ ਤੇ ਭਾਈ ਸਾਹਿਬ ਸਿੰਘ ਸਰਕਾਰੀ ਹਸਪਤਾਲ ਅੰਮ੍ਰਿਤਸਰ ‘ਤੇ ਮੁੱਖ ਮੰਤਰੀ ਪੰਜਾਬ ਦੀਆਂ ਫੋਟੋਆਂ ਲਾਈਆਂ ਗਈਆਂ ਹਨ ਤੇ ਉਹਨਾਂ ਨੂੰ ਮੁਹੱਲਾ ਕਲੀਨਿਕ ਦਾ ਨਾਂ ਦਿੱਤਾ ਗਿਆ ਹੈ,ਜੋ ਕਿ ਪੰਜਾ ਪਿਆਰਿਆਂ ਨੂੰ ਸਿੱਧੀ ਚੁਣੌਤੀ ਹੈ।
9.ਉੱਘੇ ਸਿੱਖ ਪ੍ਰਚਾਰਕ ਤੇ ਲੱਖਾਂ ਪ੍ਰਾਣੀਆਂ ਨੂੰ ਗੁਰਬਾਣੀ ਦੀ ਸੰਥਿਆ ਦੇਣ ਵਾਲੇ ਤੇ ਅੰਮ੍ਰਿਤ ਛੱਕਣ ਵੱਲ ਪ੍ਰੇਰਨ ਵਾਲੇ ਭਾਈ ਚੰਦਾਂ ਸਿੰਘ ਕੱਟੂ ਵਾਲਿਆਂ ਦੀ ਤਸਵੀਰ ਵੀ ਸਿੱਖ ਅਜਾਇਬਘਰ ਵਿੱਚ ਲਗਾਈ ਜਾਵੇਗੀ।
10.ਕਮੇਟੀ ਅਧੀਨ ਆਉਂਦੇ ਵਿਦਿਅਕ ਅਦਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ ਗਈ ਹੈ।
ਇਸ ਤੋਂ ਇਲਾਵਾ ਪ੍ਰਧਾਨ ਧਾਮੀ ਨੇ ਆਪਣੇ ‘ਤੇ ਹੋਏ ਹਮਲੇ ਬਾਰੇ ਪੁੱਛੇ ਗਏ ਸਵਾਲ ਦੇ ਜੁਆਬ ਵਿੱਚ ਕਿਹਾ ਹੈ ਕਿ ਇਹ ਤਾਂ ਪਹਿਲਾਂ ਤੋਂ ਹੀ ਹੁੰਦਾ ਆ ਰਿਹਾ ਹੈ ਤੇ ਵਾਹਿਗੁਰੂ ਸਾਰਿਆਂ ਨੂੰ ਸੁਮੱਤ ਬੱਖਸ਼ੇ ਪਰ ਇਸ ਮਾਮਲੇ ਵਿੱਚ ਸਾਰਿਆਂ ਨੂੰ ਆਪਣੇ ਜ਼ਜਬਾਤਾਂ ‘ਤੇ ਕਾਬੂ ਰਖਣਾ ਚਾਹੀਦਾ ਹੈ ਤੇ ਕੌਮ ਦੇ ਸਾਂਝੀ ਲੜਾਈ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।