ਬਿਉਰੋ ਰਿਪੋਰਟ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਲਈ ਵੋਟ ਬਣਾਉਣ ਦੀ ਤਰੀਕ ਦੂਜੀ ਵਾਰ ਵਧਾਈ ਗਈ ਹੈ । ਵੋਟਾਂ ਬਣਾਉਣ ਨੂੰ ਲੈਕੇ ਲੋਕਾਂ ਵਿੱਚ ਘੱਟ ਰੁਝਾਨ ਦੀ ਵਜ੍ਹਾ ਕਰਕੇ ਗੁਰਦੁਆਰਾ ਚੋਣ ਕਮਿਸ਼ਨ ਨੇ 2 ਮਹੀਨੇ ਤਰੀਕ ਵਧਾ ਦਿੱਤੀ ਹੈ । ਹੁਣ ਅਪ੍ਰੈਲ ਤੱਕ ਵੋਟ ਬਣਾਉਣ ਦੀ ਅਰਜ਼ੀ ਦਿੱਤੀ ਜਾ ਸਕੇਗੀ । ਸਭ ਤੋਂ ਪਹਿਲਾਂ 21 ਅਕਤੂਬਰ ਤੋਂ 15 ਨਵੰਬਰ 2023 ਤੱਕ ਵੋਟ ਬਣਾਉਣ ਦੀ ਤਰੀਕ ਮਿੱਥੀ ਗਈ ਸੀ । ਪਰ ਸਿਰਫ਼ 10 ਫੀਸਦੀ ਵੋਟਾਂ ਬਣਿਆਂ ਹੋਣ ਦੀ ਵਜ੍ਹਾ ਕਰਕੇ ਅਖੀਰਲੇ ਦਿਨ ਨੋਟਿਫਿਕੇਸ਼ ਜਾਰੀ ਕਰਕੇ ਇਸ ਨੂੰ ਵਧਾ ਕੇ 29 ਫਰਵਰੀ 2024 ਕਰ ਦਿੱਤਾ ਗਿਆ ਸੀ । ਇਸ ਦਾ ਸਿੱਧਾ ਮਤਲਬ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜੂਨ,ਜੁਲਾਈ ਵਿੱਚ ਹੋਣੀਆਂ ਸਨ ਉਹ ਹੁਣ ਅਕਤੂਬਰ,ਨਵੰਬਰ ਤੱਕ ਜਾ ਸਕਦੀਆਂ ਹਨ ।
ਜਾਣਕਾਰੀ ਦੇ ਮੁਤਾਬਿਕ 21 ਫਰਵਰੀ ਤੱਕ ਸਿਰਫ਼ 23.89 ਲੱਖ ਹੀ ਵੋਟਰਾਂ ਵੱਲੋਂ ਅਰਜ਼ੀਆਂ ਆਇਆ ਸਨ। 13 ਸਾਲ ਪਹਿਲਾਂ ਜਦੋਂ 2011 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਹੋਇਆ ਸਨ ਤਾਂ 52.69 ਲੱਖ ਲੋਕਾਂ ਨੇ ਚੋਣਾਂ ਵਿੱਚ ਹਿੱਸਾ ਲਿਆ ਸੀ । ਇਸ ਲਿਹਾਜ ਨਾਲ ਹੁਣ ਤੱਕ 50 ਫੀਸਦੀ ਲੋਕਾਂ ਨੇ ਵੀ ਵੋਟਾਂ ਨਹੀਂ ਬਣਾਇਆ ਹਨ ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਗੋਪਾਲ ਸਿੰਘ ਸੰਧੂ ਨੇ ਦੱਸਿਆ ਕਿ ਉਹ ਗੁਰਦੁਆਰਾ ਚੋਣ ਕਮਿਸ਼ਨਰ ਰਿਟਾਇਡ ਜਸਟਿਸ ਐੱਸਐੱਸ ਕਾਹਲੋਂ ਨੂੰ 2 ਦਿਨ ਪਹਿਲਾਂ ਮਿਲੇ ਸੀ ਅਤੇ ਵੋਟਾਂ ਬਣਾਉਣ ਦੀ ਤਰੀਕ ਵਧਾਉਣ ਦੀ ਮੰਗ ਕੀਤੀ ਸੀ ਤਾਂਕੀ ਵੱਧ ਤੋਂ ਵੱਧ ਸੰਗਤ ਨੂੰ ਵੋਟ ਦਾ ਅਧਿਕਾਰ ਮਿਲ ਸਕੇ। ਉਨ੍ਹਾਂ ਨੇ ਮੇਰੀ ਗੱਲ ਸੁਣਨ ਤੋਂ ਬਾਅਦ ਵੋਟ ਬਣਾਉਣ ਦੀ ਤਰੀਕ 2 ਮਹੀਨੇ ਵਧਾਉਣ ਦਾ ਫੈਸਲਾ ਲਿਆ ਹੈ ।
21 ਫਰਵੀਰ ਤੱਕ ਲੁਧਿਆਣਾ ਵਿੱਚ 2,83,850 ਵੋਟਰਾਂ ਨੇ ਆਪਣੇ ਨਾਂ ਰਜਿਸਟਰਡ ਕਰਾਏ ਹਨ । ਗੁਰਦਾਸੁਪਰ 2,82,591 , ਤੀਜੇ ਨੰਬਰ ‘ਤੇ ਅੰਮ੍ਰਿਤਸਰ 2,56,503,ਸੰਗਰੂਰ ਵਿੱਚ 1,58,558 ,ਪੰਥਕ ਹਲਕੇ ਤਰਨਤਾਰਨ ਸਾਹਿਬ 1,14,225 ਬਠਿੰਡਾ 1,05,969 ਸਿੱਖ ਵੋਟਰਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ । ਸਭ ਤੋਂ ਘੱਟ ਪਠਾਨਕੋਟ 19,559 ਸਿੱਖ ਵੋਟਰਾਂ ਨੇ ਹੁਣ ਤੱਕ ਵੋਟ ਬਣਾਉਣ ਵਿੱਚ ਦਿਲਚਸਪੀ ਵਿਖਾਈ ਹੈ ।
ਵੋਟਾਂ ਬਣਾਉਣ ਦੀ ਸ਼ਰਤ
ਵੋਟਾਂ ਬਣਾਉਣ ਦੀ ਸ਼ਰਤ ਦੇ ਮੁਤਾਬਿਕ ਉਸੇ ਨੂੰ ਵੋਟ ਬਣਾਉਣ ਦਾ ਅਧਿਕਾਰ ਹੋਵੇਗਾ ਜੋ ਸਾਬਤ ਸੂਰਤ ਹੋਵੇਗਾ । ਉਸ ਦੀ ਉਮਰ 21 ਅਕਤੂਬਰ 2023 ਤੱਕ 21 ਸਾਲ ਦੀ ਹੋਵੇ। ਵੋਟ ਬਣਾਉਣ ਦੇ ਲਈ ਫਾਰਮ 1 ਭਰਨਾ ਹੋਵੇਗਾ ਜਿਸ ਵਿੱਚ ਸਰਕਾਰ ਵੱਲੋਂ ਵੋਟਿੰਗ ਦੇ ਲਈ ਤੈਅ ਕੀਤੀਆਂ ਸ਼ਰਤਾਂ ਬਾਰੇ ਜਾਣਕਾਰੀ ਭਰਨੀ ਹੋਵੇਗੀ ।