ਬਿਉਰੋ ਰਿਪੋਰਟ – ਲੋਕ ਸਭਾ ਵਿੱਚ ਆਗੂ ਵਿਰੋਧੀ ਧਿਰ ਰਾਹੁਲ ਗਾਂਧੀ ਵੱਲੋਂ ਰਾਸ਼ਟਰਪਤੀ ਦੇ ਧੰਨਵਾਦ ਮਤੇ ’ਤੇ ਬੋਲਦੇ ਹੋਏ ਹੋਰ ਧਾਰਮਿਕ ਪੈਗੰਬਰਾਂ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਵੀ ਨਸ਼ਰ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਹ ਵੀ ਅਭੈ ਮੁਦਰਾ ਵਿੱਚ ਬੈਠੇ ਹਨ। ਇਸ ’ਤੇ ਹੁਣ SGPC ਨੇ ਕਰੜਾ ਇਤਰਾਜ਼ ਜ਼ਾਹਿਰ ਕਰਦੇ ਹੋਏ ਲੋਕ ਸਭਾ ਅਤੇ ਰਾਜ ਸਭਾ ਦੇ ਸਪੀਕਰ ਨੂੰ ਅਪੀਲ ਕੀਤੀ ਹੈ ਕਿ ਉਹ ਸਦਨ ਵਿੱਚ ਧਰਮ ਦੀ ਗ਼ਲਤ ਵਿਖਾਇਆ ਨੂੰ ਰੋਕਣ।
SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਰਾਹੁਲ ਗਾਂਧੀ ਨੇ ਜਿਹੜੀ ਸ੍ਰੀ ਗੁਰੂ ਨਾਨਕ ਦੇਵ ਜੀ ਫੋਟੋ ਵਿਖਾ ਕੇ ਅਭੈ ਮੁਦਰਾ ਦਾ ਜ਼ਿਕਰ ਕੀਤਾ ਹੈ ਉਹ ਬਿਲਕੁਲ ਗ਼ਲਤ ਹੈ। SGPC ਵੱਲੋਂ ਪਾਸ ਕੀਤੇ ਗਏ ਮਤੇ ਵਿੱਚ ਕਿਹਾ ਗਿਆ ਹੈ ਕਿ ਗੁਰੂ ਸਾਹਿਬ ਨੂੰ ਇਸ ਮੁਦਰਾ ਵਿੱਚ ਨਹੀਂ ਵਿਖਾਇਆ ਜਾ ਸਕਦਾ ਹੈ। ਉਨ੍ਹਾਂ ਨੇ ਸਿਰਫ਼ ਇੱਕ ਅਕਾਲ ਪੁਰਖ ਨਾਲ ਜੁੜਨਾ ਸਿਖਾਇਆ ਹੈ।
SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਬਿਨਾਂ ਗੁਰਬਾਣੀ ਅਤੇ ਇਤਿਹਾਸ ਦੀ ਜਾਣਕਾਰੀ ਦੇ ਬਿਨਾਂ ਵਜ੍ਹਾ ਇਸ ’ਤੇ ਸਿਆਸਤ ਨਹੀਂ ਹੋਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਪਾਸ ਕੀਤੇ ਮਤੇ ਵਿੱਚ ਕਿਹਾ ਗਿਆ ਹੈ ਅਕਸਰ ਵੇਖਿਆ ਗਿਆ ਹੈ ਕਿ ਸਿਆਸਤਦਾਨ ਗੁਰਬਾਣੀ ਦੀ ਗ਼ਲਤ ਵਿਖਾਇਆ ਕਰਦੇ ਹਨ ਜੋ ਕਿ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ।
SGPC ਨੇ ਮਤੇ ਦੇ ਜ਼ਰੀਏ ਰਾਜਸਭਾ ਦੇ ਚੇਅਰਮੈਨ ਅਤੇ ਲੋਕਸਭਾ ਦੇ ਸਪੀਕਰ ਨੂੰ ਅਪੀਲ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਇਸ ਨੂੰ ਯਕੀਨੀ ਬਣਾਇਆ ਜਾਵੇ ਕਿ ਪਾਰਲੀਮੈਂਟ ਵਿੱਚ ਕਿਸੇ ਵੀ ਧਰਮ ਦੀ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ।
ਰਾਹੁਲ ਗਾਂਧੀ ਨੇ 1 ਜੁਲਾਈ ਨੂੰ ਲੋਕ ਸਭਾ ਵਿੱਚ ਕਿਹਾ ਸੀ ਕਿ ਸਾਰੇ ਦੀ ਧਰਮ ਬੇਇਨਸਾਫ਼ੀ ਦੇ ਖ਼ਿਲਾਫ਼ ਹੱਥ ਖੜੇ ਕਰਕੇ ਨਾ ਡਰਨ ਦੀ ਸਿੱਖਿਆ ਦਿੰਦੇ ਹਨ। ਸਭ ਤੋਂ ਪਹਿਲਾਂ ਰਾਹੁਲ ਨੇ ਭਗਵਾਨ ਸ਼ਿਵ ਦੀ ਫੋਟੋ ਵਿਖਾਈ ਜਿਸ ਵਿੱਚ ਉਨ੍ਹਾਂ ਦਾ ਇੱਕ ਹੱਥ ਅਭੈ ਮੁਦਰਾ ਵਿੱਚ ਸੀ ਯਾਨੀ ਸਿੱਧਾ ਸੀ ਇਸ ਤੋ ਬਾਅਦ ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਭੈ ਮੁਦਰਾ ਵਾਲੀ ਫੋਟੋ ਕੱਢੀ ਫਿਰ ਦਾਅਵਾ ਕੀਤਾ ਕਿ ਜਦੋਂ ਮੁਸਲਮਾਨ ਭਾਈਚਾਰੇ ਨਮਾਜ਼ ਪੜਦਾ ਹੈ ਤਾਂ ਉਹ ਵੀ ਹੱਥ ਉੱਤੇ ਕਰਕੇ ਕਰਦਾ ਹੈ ਉਹ ਵੀ ਅਭੇ ਮੁਦਰਾ ਵਰਗੀ ਹੁੰਦੀ ਹੈ। ਫਿਰ ਰਾਹੁਲ ਗਾਂਧੀ ਨੇ ਇਸਾਈ ਅਤੇ ਬੁੱਧ ਸਾਰੇ ਭਾਈਚਾਰਿਆਂ ਦਾ ਉਦਾਹਰਣ ਦਿੱਤਾ ਸੀ।