India Punjab

ਸ਼੍ਰੋਮਣੀ ਕਮੇਟੀ ਨੇ ਰਾਏ ਬੁਲਾਰ ਜੀ ਦੇ ਵੰਸ਼ਜਾਂ ਨੂੰ ਭਾਰਤ ਆਉਣ ਦਾ ਭੇਜਿਆ ਸੱਦਾ

SGPC

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev jI) ਦਾ ਗੁਰਪੁਰਬ ਹਰ ਸਾਲ ਸਰਧਾ ਭਾਵਨਾ ਨਾਲ ਮਨਾਉਂਦੀ ਹੈ। ਐਸਜੀਪੀਸੀ ਵੱਲੋਂ ਇਸ ਵਾਰ ਗੁਰੂ ਨਾਨਕ ਦੇਵ ਜੀ ਦੇ ਭਗਤ ਰਾਏ ਬੁਲਾਰ ਜੀ ਦੇ ਪਾਕਿਸਤਾਨ ਵਿੱਚ ਰਹਿੰਦੇ ਚਾਰ ਪਰਿਵਾਰਾਂ ਨੂੰ ਨਵੰਬਰ ਵਿੱਚ ਪ੍ਰਕਾਸ ਗੁਰਪੁਰਬ ਤੇ ਆਉਣ ਦਾ ਸੱਦਾ ਭੇਜਿਆ ਹੈ।

ਰਾਏ ਬੁਲਾਰ ਜੀ ਦੇ ਵੰਸ਼ਜ ਰਾਏ ਮੁਹੰਮਦ ਸਲੀਮ ਭੱਟੀ ਸਮੇਤ ਚਾਰ ਪਰਿਵਾਰਾਂ ਨੂੰ ਭੇਜੇ ਗਏ ਸੱਦਾ ਪੱਤਰ ਵਿੱਚ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਇਸ ਸਾਲ 15 ਨਵੰਬਰ 2024 ਨੂੰ ਸ੍ਰੀ ਅੰਮ੍ਰਿਤਸਰ, ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ, ਬਟਾਲਾ, ਦਿੱਲੀ, ਨਾਨਕਮੱਤਾ (ਉਤਰਾਖੰਡ) ਵਿਖੇ ਸਥਿਤ ਕਈ ਗੁਰਧਾਮਾਂ ਉੱਤੇ ਮਨਾਇਆ ਜਾ ਰਿਹਾ ਹੈ, ਇਸ ਲਈ ਰਾਏ ਬੁਲਾਰ ਜੀ ਦੇ ਵੰਸ਼ਜ ਪਰਿਵਾਰ 1 ਤੋਂ 30 ਨਵੰਬਰ 2024 ਦੇ ਵਿਚਕਾਰ ਭਾਰਤ ਆ ਕੇ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ। ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਪਰਿਵਾਰਾਂ ਦੇ ਭਾਰਤ ਪਹੁੰਚਣ ਉੱਤੇ ਉਨ੍ਹਾਂ ਦੀ ਰਿਹਾਇਸ਼ ਅਤੇ ਯਾਤਰਾ ਦੇ ਸਾਰੇ ਖਰਚੇ ਦਾ ਪ੍ਰਬੰਧ ਕਰਨ ਦੀ ਵੀ ਗੱਲ ਆਖੀ ਹੈ।

ਇਸ ਮੌਕੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਾਏ ਬੁਲਾਰ ਪਰਿਵਾਰ ਵੀਜ਼ਾ ਜਾਰੀ ਕੀਤਾ ਜਾਵੇ ਤਾਂ ਜੋ ਉਹ ਪ੍ਰਕਾਸ਼ ਗੁਰਪੁਰਬ ਵਿੱਚ ਸ਼ਾਮਲ ਹੋ ਸਕਣ। ਇਸ ਦੇ ਨਾਲ ਹੀ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਏ ਗਈ ਰਾਏ ਬੁਲਾਰ ਜੀ ਦੀ ਤਸਵੀਰ ਨੂੰ ਯਾਦਗਾਰ ਨੂੰ ਦੇਖ ਸਕਣ। ਉਨ੍ਹਾਂ ਕਿਹਾ ਕਿ ਰਾਏ ਬੁਲਾਰ ਜੀ ਦੇ ਪਰਿਵਾਰ ਦਾ ਸਿੱਖਾਂ ਨਾਲ ਆਪਸੀ ਸਤਿਕਾਰ ਵਾਲਾ ਰਿਸ਼ਤਾ ਹੈ ਕਿਉਂਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿੰਨ ਸ਼ਰਧਾਲੂ ਵਜੋਂ ਰਾਏ ਬੁਲਾਰ ਜੀ ਦਾ ਇਤਿਹਾਸ ਅੰਦਰ ਸਥਾਨ ਮਹੱਤਵਪੂਰਨ ਹੈ।

ਧਾਮੀ ਨੇ ਕਿਹਾ ਕਿ ਇਸ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕਈ ਵਾਰ ਸੱਦਾ ਪੱਤਰ ਦੇਣ ਅਤੇ ਸਰਕਾਰ ਨੂੰ ਲਿਖਣ ਦੇ ਬਾਵਜੂਦ ਵੀ ਇਨ੍ਹਾਂ ਨੂੰ ਵੀਜ਼ਾ ਨਹੀਂ ਦਿੱਤਾ ਗਿਆ ਸੀ ਅਤੇ ਹੁਣ ਸਰਕਾਰ ਨੂੰ ਇਸ ਉੱਤੇ ਸੰਜੀਦਗੀ ਨਾਲ ਵਿਚਾਰ ਕਰਨਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਦੇ ਪਿਤਾ ਮਹਿਤਾ ਕਲਿਆਨ ਦਾਸ ਜੀ ਰਾਏ ਬੁਲਾਰ ਜੀ ਦੇ ਕੋਲ ਨੌਕਰੀ ਕਰਦੇ ਸਨ। ਰਾਏ ਬੁਲਾਰ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿੰਨ ਸ਼ਰਧਾਲੂ ਸਨ, ਜਿਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਗੁਰੂ ਸਾਹਿਬ ਅੰਦਰ ਰੱਬੀ ਜੋਤ ਦੀ ਪਛਾਣ ਕਰ ਲਈ ਸੀ। ਰਾਏ ਬੁਲਾਰ ਜੀ ਨੇ ਆਪਣੀ ਜਾਇਦਾਦ ਵਿੱਚੋਂ ਹਜ਼ਾਰਾਂ ਏਕੜ ਥਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਕਰ ਦਿੱਤੀ ਸੀ, ਜੋ ਕਿ ਇਸ ਸਮੇਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਨਾਂ ਹੈ।

ਇਹ ਵੀ ਪੜ੍ਹੋ –   ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਕੇ ਮੁੜ ਰਹੇ ਨੌਜਵਾਨਾਂ ਨਾਲ ਭਿਆਨਕ ਹਾਦਸਾ! 2 ਦੀ ਮੌਤ