ਅੰਮ੍ਰਿਤਸਰ : ਮੁੱਖ ਮੰਤਰੀ ਪੰਜਾਬ ਵਲੋਂ ਅੱਜ ਕੀਤੇ ਟਵੀਟ ਰਾਹੀਂ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਸੰਬੰਧੀ ਸਾਰੇ ਅਤਿ ਆਧੁਨਿਕ ਉਪਕਰਨਾਂ ਦਾ ਸਾਰਾ ਖ਼ਰਚਾ ਕਰਨ ਦੀ ਜਿੰਮੇਵਾਰੀ ਲੈਣ ਲਈ ਕੀਤੀ ਪਹਿਲ ਦਾ SGPC ਨੇ ਜਵਾਬ ਦਿੱਤਾ ਹੈ ।
ਕਮੇਟੀ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਪਾਈ ਪੋਸਟ ਵਿੱਚ ਸਾਫ਼ ਕੀਤਾ ਹੈ ਕਿ ਕਮੇਟੀ ਗੁਰੂ ਘਰਾਂ ਦਾ ਪ੍ਰਬੰਧ ਕਰਨ ਦੇ ਸਮਰੱਥ ਹੈ। ਮੁੱਖ ਮੰਤਰੀ ਪੰਜਾਬ ਗੁਰਬਾਣੀ ਪ੍ਰਸਾਰਣ ਜਾਂ ਗੁਰੂ ਘਰਾਂ ਦੇ ਮਾਮਲਿਆਂ ਬਾਰੇ ਟਵੀਟ ਕਰਕੇ ਸੰਗਤ ‘ਚ ਬੇਲੋੜੇ ਵਿਵਾਦ ਅਤੇ ਦੁਵਿਧਾ ਪੈਦਾ ਨਾ ਕਰਨ।
ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਮੇਟੀ ਦੇ ਪੇਜ਼ ‘ਤੇ ਜਾਰੀ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਸਿੱਖ ਸੰਸਥਾ ਅਤੇ ਕੌਮ ਦੇ ਕੀਤੇ ਜਾਣ ਵਾਲੇ ਪੰਥਕ ਕਾਰਜਾਂ ਦੇ ਅਧਿਕਾਰ ਖੇਤਰ ਹੋਰ ਹੁੰਦੇ ਹਨ ਅਤੇ ਸਰਕਾਰਾਂ ਦੇ ਅਧਿਕਾਰ ਖੇਤਰ ਵੱਖਰੇ ਹੁੰਦੇ ਹਨ। ਇਸ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਪੰਜਾਬ ਦੀ ਆਪ ਸਰਕਾਰ ਨਾਕਾਮ ਸਾਬਤ ਹੋ ਰਹੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਗੁਰੂ ਘਰਾਂ ਦਾ ਪ੍ਰਬੰਧ ਕਰਨ ਦੇ ਸਮਰੱਥ ਹੈ। ਮੁੱਖ ਮੰਤਰੀ ਜੀ, ਗੁਰਬਾਣੀ ਪ੍ਰਸਾਰਣ ਜਾਂ ਗੁਰੂ ਘਰਾਂ ਦੇ ਮਾਮਲਿਆਂ ਬਾਰੇ ਟਵੀਟ ਕਰਕੇ ਸੰਗਤ 'ਚ ਬੇਲੋੜੇ ਵਿਵਾਦ ਅਤੇ ਦੁਵਿਧਾ ਪੈਦਾ ਨਾ ਕਰੋ। ਸਿੱਖ ਸੰਸਥਾ ਅਤੇ ਕੌਮ ਦੇ ਕੀਤੇ ਜਾਣ ਵਾਲੇ ਪੰਥਕ ਕਾਰਜਾਂ ਦੇ ਅਧਿਕਾਰ ਖੇਤਰ ਹੋਰ ਹੁੰਦੇ ਹਨ ਅਤੇ…
— Shiromani Gurdwara Parbandhak Committee (@SGPCAmritsar) May 21, 2023
ਮੁੱਖ ਮੰਤਰੀ ਪੰਜਾਬ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਲਿਖਿਆ ਹੈ ਕਿ ਮੁੱਖ ਮੰਤਰੀ ਮਾਨ ਸ੍ਰੀ ਦਰਬਾਰ ਸਾਹਿਬ ਦੀ ਗੱਲ ਕਰਦੇ ਹਨ, ਉਹ ਇਸ ਕੇਂਦਰੀ ਸਿੱਖ ਅਸਥਾਨ ਦੇ ਆਲੇ-ਦੁਆਲੇ ਸਰਕਾਰ ਤਰਫੋਂ ਕੀਤੇ ਜਾਣ ਵਾਲੇ ਕਾਰਜਾਂ ਦੀ ਸਥਿਤੀ ਦੇਖਣ ਕੀ ਹੈ? ਸਰਕਾਰ ਦੇ ਅਧਿਕਾਰ ਵਾਲਾ ਗਲਿਆਰਾ ਉੱਜੜ ਚੁੱਕਾ ਹੈ। ਵਿਰਾਸਤੀ ਮਾਰਗ ਦੇ ਰੱਖ-ਰਖਾਅ ‘ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਂਦੇ ਰਸਤਿਆਂ ਦਾ ਬੁਰਾ ਹਾਲ ਦੇਖੋ। ਭਾਵੇਂ ਸਰਕਾਰ ਕੋਲ ਪੈਸਾ ਹੈ, ਜੋ ਲੋਕਾਂ ਦਾ ਹੀ ਹੈ, ਪਰ ਆਪਣੀ ਤਰਫੋਂ ਪੈਸਾ ਜਿੱਥੇ ਲਾਉਣ ਵਾਲਾ ਹੈ ਉਥੇ ਲਾਓ। ਬਿਨਾਂ ਮਤਲਬ ਗੁਰਬਾਣੀ ਪ੍ਰਸਾਰਣ ਲਈ ਖ਼ਰਚ ਦੀ ਗੱਲ ਕਰਕੇ ਕੌਮ ਨੂੰ ਦੁਵਿਧਾ ਵਿਚ ਨਾ ਪਾਓ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਵੇਰੇ ਇੱਕ ਟਵੀਟ ਕਰ ਕੇ ਇਸ ਗੱਲ ‘ਤੇ ਜ਼ੋਰ ਦਿੱਤਾ ਸੀ ਕਿ ਸਾਰੇ ਚੈਨਲਾਂ ਨੂੰ ਗੁਰਬਾਣੀ ਟੈਲੀਕਾਸਟ ਲਈ ਮੁਫਤ ਅਧਿਕਾਰ ਮਿਲਣੇ ਚਾਹੀਦੇ ਹਨ। ਆਪਣੇ ਟਵੀਟ ਵਿੱਚ ਉਹਨਾਂ ਸਵਾਲ ਕੀਤਾ ਸੀ ਕਿ ਸਾਂਝੀਵਾਲਤਾ ਦੀ ਪ੍ਰਤੀਕ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਹੱਕ ਸਿਰਫ ਇੱਕ ਖਾਸ ਚੈਨਲ ਨੂੰ ਹੀ ਕਿਉਂ ਦਿੱਤੇ ਜਾਂਦੇ ਨੇ ? ਸਾਰੇ ਚੈਨਲਾਂ ਨੂੰ ਗੁਰਬਾਣੀ ਟੈਲੀਕਾਸਟ ਲਈ ਮੁਫਤ ਅਧਿਕਾਰ ਮਿਲਣੇ ਚਾਹੀਦੇ ਹਨ।