ਅੰਮ੍ਰਿਤਸਰ ‘ਚ ਗੁਰਦੁਆਰਾ ਸ਼੍ਰੀ ਹਰਿਮੰਦਰ ਸਾਹਿਬ ਨੇੜੇ ਕਰੀਬ 6 ਦਿਨਾਂ ‘ਚ ਤੀਜੀ ਵਾਰ ਧਮਾਕਾ ਹੋਇਆ ਹੈ। ਇਹ ਧਮਾਕਾ ਬੁੱਧਵਾਰ ਰਾਤ ਕਰੀਬ 12.10 ਵਜੇ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਨੇੜੇ ਹੋਇਆ। ਧਮਾਕੇ ਦਾ ਪਤਾ ਲੱਗਦਿਆਂ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਧਮਾਕੇ ਵਾਲੀ ਜਗ੍ਹਾ ਨੂੰ ਸੀਲ ਕਰ ਦਿੱਤਾ।
ਜਾਣਕਾਰੀ ਮੁਤਾਬਕ ਅੰਮ੍ਰਿਤਸਰ ਧਮਾਕਿਆਂ ਦੇ ਮਾਮਲੇ ਵਿਚ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਟਵੀਟ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਜੀ ਨਿਵਾਸ ਦੇ ਪਿੱਛੇ ਗਲਿਆਰਾ ਵਿੱਚ ਅੱਜ 12:10 ਵਜੇ ਦੇ ਕਰੀਬ ਵਾਪਰੇ ਧਮਾਕੇ ਦੀ ਘਟਨਾ ਦੇ ਮੁੱਖ ਮੁਲਜ਼ਮ ਦੇ ਸੀਸੀਟੀਵੀ ਦੀ ਪੈਰਵੀ ਕਰਨ ਤੋਂ ਬਾਅਦ, ਐਸਜੀਪੀਸੀ ਦੀਆਂ ਟੀਮਾਂ ਨੇ ਉਨ੍ਹਾਂ ਦੀ ਪਛਾਣ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ।
After following the CCTV footsteps of main accused in explosion incident that took place today at about 12:10 am in Galiara behind Guru Ramdas Ji Niwas in Amritsar, the SGPC teams identified, traced & handed him over to @PunjabPoliceInd. Main accused was nabbed by SGPC team after… pic.twitter.com/h4u7sdlBtF
— Shiromani Gurdwara Parbandhak Committee (@SGPCAmritsar) May 11, 2023
ਸਾਰੇ ਮੁਲਜ਼ਮ ਹਰਿਮੰਦਰ ਸਾਹਿਬ ਇਲਾਕੇ ਵਿੱਚ ਹੀ ਥਾਂ ਬਦਲ ਰਹੇ ਸਨ। ਸਾਰੇ ਮੁਲਜ਼ਮ ਪੰਜਾਬ ਦੇ ਹੀ ਦੱਸੇ ਜਾ ਰਹੇ ਹਨ। ਇਨ੍ਹਾਂ ਬੰਬ ਧਮਾਕਿਆਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਨੇ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਪੰਜਾਬ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦੀ ਹੈ। ਅਸੀਂ ਆਪਣੀ ਟਾਸਕ ਫੋਰਸ ਨੂੰ ਹੋਰ ਮਜ਼ਬੂਤ ਕਰਾਂਗੇ। ਇਸ ਦੇ ਨਾਲ ਹੀ ਅਸੀਂ ਪੰਜਾਬ ਪੁਲਿਸ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਅਪੀਲ ਕਰਦੇ ਹਾਂ। ਧਾਮੀ ਨੇ ਇਸ ਪੂਰੇ ਧਮਾਕੇ ਨੂੰ ਪੁਲਿਸ ਦੀ ਨਾਕਾਮੀ ਦੱਸਿਆ,ਉਨ੍ਹਾਂ ਕਿਹਾ ਜੇਕਰ ਪਿਛਲੇ 2 ਧਮਾਕਿਆਂ ਨੂੰ ਸੁਲਝਾਇਆ ਹੁੰਦਾ ਤਾਂ ਤੀਜਾ ਧਮਾਕਾ ਨਹੀਂ ਹੋਣਾ ਸੀ ।
ਧਾਮੀ ਨੇ ਦੱਸਿਆ ਕਿ ਘਟਨਾ ਸਮੇਂ ਦੀ ਸਾਰੀ ਫੁਟੇਜ ਸਕੈਨ ਕੀਤੀ ਗਈ ਹੈ। ਇਸ ਤੋਂ ਬਾਅਦ ਧਮਾਕਾ ਕਰਨ ਵਾਲੇ ਦੀ ਪਛਾਣ ਹੋ ਗਈ। ਧਮਾਕੇ ਤੋਂ ਬਾਅਦ ਬਰਾਂਡੇ ‘ਚ ਆ ਕੇ ਉਹ ਸੌਂ ਗਿਆ। ਉਥੋਂ ਉਸ ਨੂੰ ਕਾਬੂ ਕਰ ਲਿਆ ਗਿਆ। ਉਸ ਤੋਂ ਪੁੱਛਗਿੱਛ ਕਰਨ ‘ਤੇ ਸਰਾਂਵਾ ‘ਚ ਰੁਕੇ ਵਿਆਹੁਤਾ ਜੋੜੇ ਨੂੰ ਵੀ ਫੜ ਲਿਆ ਗਿਆ, ਇਨ੍ਹਾਂ ਸਾਰਿਆਂ ਨੂੰ ਪੁਲਿਸ ਚੁੱਕ ਕੇ ਲੈ ਗਈ ਹੈ।
ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਹੀ ਇਹ ਗੱਲ
ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਨੂੰ ਲੈ ਕੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਏ ਧਮਾਕੇ ਕਿਸੇ ਗਹਿਰੀ ਸਾਜਿਸ਼ ਤੇ ਵੋਟ ਧਰੁਵੀਕਰਨ ਦੀ ਗੰਦੀ ਰਾਜਨੀਤੀ ਦੇ ਚਲਦਿਆਂ ਸਿੱਖਾਂ ਖਿਲਾਫ ਨਫਰਤੀ ਪ੍ਰਚਾਰ ਦਾ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਇਨ੍ਹਾਂ ਮਾਮਲਿਆਂ ਵਿੱਚ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ। ਜਥੇਦਾਰ ਨੇ ਕਿਹਾ ਕਿ ਫੜੇ ਗਏ ਦੋਸ਼ੀਆਂ ਕਿਹੜੀਆਂ ਸਿੱਖ ਵਿਰੋਧੀ ਤਾਕਤਾਂ ਹਨ ਜੋ ਕਿ ਘਟੀਆ ਕਿਸਮ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੀਆਂ ਹਨ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਧਮਾਕਿਆਂ ਉਤੇ ਡੂੰਘੀ ਚਿੰਤਾ ਜਤਾਈ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰੀ ਏਜੰਸੀਆਂ ਨੂੰ ਡੂੰਘਾਈ ਨਾਲ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਉਨਾਂ ਨੇ ਕਿਹਾ ਕਿ ਪੰਜਾਬ ਦੇ ਭਾਈਚਾਰੇ ਅਤੇ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਲਈ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ।
ਡੀਜੀਪੀ ਦਾ ਬਿਆਨ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅੰਮ੍ਰਿਤਸਰ ਵਿੱਚ ਘੱਟ ਤ੍ਰੀਵਰਤਾ ਵਾਲੇ ਧਮਾਕਿਆਂ ਦੇ ਮਾਮਲਿਆਂ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਦੱਸ ਦਈਏ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਜ਼ਦੀਕ 6 ਦਿਨਾਂ ਦੇ ਅੰਦਰ ਤਿੰਨ ਧਮਾਕੇ ਹੋ ਚੁੱਕੇ ਹਨ, ਪਹਿਲਾਂ ਧਮਾਕਾ 6 ਮਈ ਦੀ ਰਾਤ 11:30 ਹੈਰੀਟੇਜ ਸਟ੍ਰੀਟ ਤੇ ਹੋਇਆ ਸੀ ਇਸ ਤੋਂ ਬਾਅਦ 8 ਮਈ ਦੀ ਸਵੇਰ 6:15 ‘ਤੇ ਸਾਰਾਗੜ੍ਹੀ ਪਾਰਕਿੰਗ ਵਿੱਚ ਹੋਇਆ ਅਤੇ ਹੁਣ ਤੀਜੇ ਧਮਾਕੇ ਦੀ ਆਵਾਜ਼ 11 ਮਈ ਦੀ ਰਾਤ 12 ਵਜੇ ਸੁਣੀ ਗਈ ਹੈ ।