ਅੰਮ੍ਰਿਤਸਰ : ਰਾਹੁਲ ਗਾਂਧੀ ਦੀ ਫੇਰੀ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਵਾਲ ਖੜ੍ਹੇ ਕੀਤੇ ਹਨ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖ ਮਰਿਆਦਾ ਅਨੁਸਾਰ ਕੋਈ ਵੀ ਗੁਰੂ ਘਰ ਵਿਚ ਆ ਸਕਦਾ ਹੈ ਪਰ ਉਨ੍ਹਾਂ ਦੀ ਸੇਵਾ ਨੂੰ ਪਛਤਾਵਾ ਕਹਿਣਾ ਗਲਤ ਹੋਵੇਗਾ।
ਗਰੇਵਾਲ ਨੇ ਕਿਹਾ ਕਿ ਰਾਹੁਲ ਗਾਂਧੀ ਉਸ ਪਰਿਵਾਰ ਦਾ ਹਿੱਸਾ ਹੈ, ਜਿਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹਿਆ ਅਤੇ ਜਿਸ ਦੇ ਪਿਤਾ ਨੇ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਕੀਤਾ। ਪਰ ਸ੍ਰੀ ਅਕਾਲ ਤਖ਼ਤ ਸਾਹਿਬ ਬੁਲੰਦੀਆਂ ’ਤੇ ਖੜ੍ਹਾ ਹੈ। ਇਸ ਦੇ ਜ਼ਖ਼ਮ 40 ਸਾਲਾਂ ਤੋਂ ਉਸੇ ਤਰ੍ਹਾਂ ਹਨ। ਉਨ੍ਹਾਂ ਦੀ ਇਸ ਸੇਵਾ ਨੂੰ ਪਸ਼ਚਾਤਾਪ ਨਹੀਂ ਕਿਹਾ ਜਾ ਸਕਦਾ। ਗਰੇਵਾਲ ਨੇ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਦਾ ਇਸ ਵਾਰ ਕੁਝ ਨਾ ਬੋਲਣਾ ਵੀ ਸਿਆਸਤ ਹੋ ਸਕਦੀ ਹੈ।
ਗਰੇਵਾਲ ਵੱਲੋਂ ਵੀ ਰਾਹੁਲ ਗਾਂਧੀ ਤੇ ਸਵਾਲ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਬੇਸ਼ੱਕ ਦੋ ਦਿਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਸੇਵਾ ਕਰਦੇ ਰਹੇ ਹਨ ਲੇਕਿਨ ਉਹਨਾਂ ਦੀ ਸੇਵਾ ਚ ਕੋਈ ਵੀ ਵਿਘਨ ਨਾ ਪਵੇ ਇਸ ਕਰਕੇ ਸਿੱਖ ਕੌਮ ਨੇ ਪੂਰਾ ਸਾਥ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਜੋ ਉਹਨਾਂ ਦੀ ਦਾਦੀ ਅਤੇ ਉਹਨਾਂ ਦੇ ਪਿਤਾ ਵੱਲੋਂ ਸਿੱਖ ਕੌਮ ਤੇ ਤਸ਼ੱਦਦ ਢਾਇਆ ਗਿਆ ਸੀ ਉਸ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਜਰੂਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਣੀ ਚਾਹੀਦੀ ਸੀ।
ਗਰੇਵਾਲ ਨੇ ਕਿਹਾ ਕਿ ਨਾ ਤਾਂ ਉਹਨਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਨਾਲ ਕੋਈ ਮੀਟਿੰਗ ਕੀਤੀ ਗਈ ਅਤੇ ਨਾ ਹੀ ਉਹਨਾਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ ਸੀ। ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਕੀਤੀ ਜਾ ਰਹੀ ਸੇਵਾ ਉਨੀ ਦੇਰ ਤੱਕ ਸਫਲ ਨਹੀਂ ਹੋ ਸਕਦੀ ਜਿੰਨੇ ਦੇਰ ਤੱਕ ਉਹ ਆਪਣੇ ਪਿਤਾ ਅਤੇ ਦਾਦੀ ਵੱਲੋਂ ਕੀਤੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਹਮਲੇ ਦੀ ਮਾਫੀ ਨਹੀਂ ਮੰਗਦੇ।
ਦਰਅਸਲ, ਰਾਹੁਲ ਗਾਂਧੀ ਕੱਲ੍ਹ ਤੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰ ਰਹੇ ਹਨ। ਬੀਤੀ ਰਾਤ 11 ਵਜੇ ਦੇ ਕਰੀਬ ਉਹ ਸੱਚਖੰਡ ਨੂੰ ਜਾਣ ਵਾਲੇ ਰਸਤੇ ਦੇ ਰੇਲਿੰਗ ਦੀ ਕੱਪੜੇ ਦੇ ਨਾਲ ਸਫਾਈ ਕਰਦੇ ਨਜ਼ਰ ਆਏ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਪਾਲਕੀ ਸਾਹਿਬ ਦੇ ਦਰਸ਼ਨ ਵੀ ਕੀਤੇ। ਇਸ ਮੌਕੇ ਉਨ੍ਹਾਂ ਨੇ ਚੰਦੋਆ ਸਾਹਿਬ ਦੀ ਵੀ ਸੇਵਾ ਨਿਭਾਈ।