– ਕਮਲਜੀਤ ਸਿੰਘ ਬਨਵੈਤ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਬਕ ਸਿਖਾਉਣ ਲਈ ਮੌਤ ਦੀ ਸਜਾ ਦੀ ਮੰਗ ਕੀਤੀ ਹੈ। ਕਮੇਟੀ ਨੇ ਪੰਜਾਬ ਵਿੱਚ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਲਈ ਇੱਕ ਸਿੱਟ ਦਾ ਗਠਨ ਕਰਨ ਦਾ ਫੈਸਲਾ ਵੀ ਲਿਆ ਹੈ। ਕਮੇਟੀ ਨੇ ਕਪੂਰਥਲਾ ਦੇ ਗੁਰਦੁਆਰਾ ਵਿੱਚ ਬੇਅਦਬੀ ਕਾਂਡ ਦੇ ਦੋਸ਼ੀ ਨੂੰ ਸੋਧਣ ਦੇ ਦੋਸ਼ਾਂ ਤਹਿਤ ਪ੍ਰਬੰਧਕ ਕਮੇਟੀ ਵਿਰੁੱਧ ਦਰਜ ਕੀਤਾ ਕੇਸ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਸ ਦਰਜ ਕਰਨ ਤੋਂ ਪਹਿਲਾਂ ਮਾਮਲੇ ਦੀ ਜਾਂਚ ਕਰਨੀ ਬਣਦੀ ਹੈ। ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਕਾਰੀ ਸਿੱਟ ਨੂੰ ਰਿਪੋਰਟ ਦੇਣ ਵਿੱਚ ਦੇਰੀ ਨਾ ਕਰਨ ਦੀ ਤਾੜਨਾ ਕੀਤੀ ਹੈ। ਸ਼੍ਰੋਮਣੀ ਕਮੇਟੀ ਅਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਅੱਜ ਬੇਅਦਬੀ ਦੇ ਮੁੱਦਿਆਂ ਨੂੰ ਲੈ ਕੇ ਹੋਈ। ਕਮੇਟੀ ਦੇ ਪ੍ਰਧਾਨ ਨੇ ਦਾਅਵਾ ਕੀਤਾ ਕਿ ਸਿੱਖ ਪਰੰਪਰਾਵਾਂ ਨੇ ਸ਼੍ਰੋਮਣੀ ਕਮੇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਹਵਾਲੇ ਨਾਲ ਕਿਹਾ ਕਿ ਬੇਅਦਬੀ ਦਾ ਦੋਸ਼ੀ ਵਿਸ਼ੇਸ਼ ਟਰੇਨਿੰਗ ਲੈ ਕੇ ਆਇਆ ਲੱਗਦਾ ਹੈ ਅਤੇ ਉਸਨੇ ਸਵੇਰੇ ਸਵਾ ਅੱਠ ਵਜੇ ਤੋਂ ਲੈ ਕੇ ਪੌਣੇ ਪੰਜ ਵਜੇ ਤੱਕ ਛੇ ਤੋਂ ਵੱਧ ਵਾਰ ਸ੍ਰੀ ਦਰਬਾਰ ਸਾਹਿਬ ਵਿੱਚ ਵੜਨ ਦੀ ਅਸਫਲ ਕੋਸ਼ਿਸ਼ ਕੀਤੀ।
ਉਨ੍ਹਾਂ ਨੇ ਪੰਜਾਬ ਸਰਕਾਰ ਉੱਤੇ ਵਰ੍ਹਦਿਆਂ ਕਿਹਾ ਕਿ ਚਾਹੇ ਸਿੱਟ ਦਾ ਗਠਨ ਕਰ ਦਿੱਤਾ ਗਿਆ ਹੈ ਪਰ ਉਨ੍ਹਾਂ ਨੂੰ ਇਨਸਾਫ ਦੀ ਆਸ ਨਹੀਂ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਸਰਕਾਰਾਂ ਦੀ ਪਿਛਲੀ ਕਾਰਗੁਜ਼ਾਰੀ ਉੱਤੇ ਝਾਤ ਮਾਰੀ ਜਾਵੇ ਤਾਂ ਛੇ ਸਾਲ ਪਹਿਲਾਂ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਗਠਿਤ ਸਿੱਟ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ ਅਤੇ ਸੰਗਤ ਮੂਹਰੇ ਅਸਲੀ ਸੱਚ ਲਿਆਂਦਾ ਜਾਵੇਗਾ। ਉਨ੍ਹਾਂ ਨੇ ਟਾਸਕ ਫੋਰਸ ਉੱਤੇ ਲੱਗਦੇ ਅਣਗਹਿਲੀ ਦੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਟਾਸਕ ਫੋਰਸ ਵੱਲੋਂ ਬੇਅਦਬੀ ਦੇ ਦੋਸ਼ੀ ਨੂੰ ਦਿਨ ਵੇਲੇ ਕਈ ਵਾਰ ਸ਼ੱਕੀ ਹੋਣ ਕਰਕੇ ਵਾਪਸ ਮੋੜਿਆ ਗਿਆ ਪਰ ਪੰਜ ਵਜੇ ਡਿਊਟੀ ਬਦਲਣ ਵੇਲੇ ਉਹ ਭੁਲੇਖਾ ਦੇ ਕੇ ਅੰਦਰ ਜਾ ਪੁੱਜਾ ਅਤੇ ਉਸਨੇ ਛੇ ਸਕਿੰਟਾਂ ਵਿੱਚ ਹੀ ਘਟਨਾ ਨੂੰ ਅੰਜ਼ਾਮ ਦੇ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਪਹਿਲੀ ਵਾਰ ਸਵੇਰੇ ਅੱਠ ਵੱਜ ਕੇ 20 ਮਿੰਟ ‘ਤੇ ਘੰਟਾ ਘਰ ਵਾਲੇ ਪਾਸਿਉਂ ਕੰਪਲੈਕਸ ਅੰਦਰ ਦਾਖਲ ਹੋਇਆ ਪਰ ਸੇਵਾਦਾਰਾਂ ਨੇ ਸ਼ੱਕੀ ਹੋਣ ਕਰਕੇ ਬਾਹਰ ਮੋੜ ਦਿੱਤਾ। ਦੂਜੀ ਵਾਰ ਉਹ 9 ਵੱਜ ਕੇ 40 ਮਿੰਟ ‘ਤੇ ਲੰਗਰ ਵਾਲੇ ਪਾਸੇ ਤੋਂ ਦਾਖਲ ਹੋਇਆ ਅਤੇ ਹਾਲ ਵਿੱਚੋਂ 10 ਵੱਜ ਕੇ 19 ਮਿੰਟ ‘ਤੇ ਹੇਠਾਂ ਉੱਤਰਿਆ। ਛੇ ਮਿੰਟਾਂ ਬਾਅਦ ਹੀ ਉਸਨੇ ਦੁਬਾਰਾ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਅਤੇ ਉਹ ਹਰਿ-ਹਰਿ ਕੀ ਪਉੜੀ ਤੱਕ ਪੁੱਜਣ ਵਿੱਚ ਸਫਲ ਹੋ ਗਿਆ ਜਿੱਥੋਂ ਉਹ ਪੌਣੇ 12 ਵਜੇ ਥੱਲੇ ਉੱਤਰਿਆ। ਇਸ ਤੋਂ ਬਾਅਦ 2 ਵੱਜ ਕੇ 42 ਮਿੰਟ ‘ਤੇ ਉਸਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ ਤੋਂ ਅੰਦਰ ਜਾਣ ਦਾ ਅਸਫਲ ਯਤਨ ਕੀਤਾ ਪਰ ਚਾਰ ਵੱਜ ਕੇ 51 ਮਿੰਟ ‘ਤੇ ਉਹ ਉਦੋਂ ਅੰਦਰ ਵੜ ਗਿਆ ਜਦੋਂ ਟਾਸਕ ਫੋਰਸ ਦੀ ਡਿਊਟੀ ਬਦਲਣ ਦਾ ਸਮਾਂ ਸੀ। ਉਹ 5 ਵੱਜ 46 ਮਿੰਟ ‘ਤੇ ਦਰਬਾਰ ਸਾਹਿਬ ਵਿੱਚ ਦਾਖਲ ਹੋਇਆ ਅਤੇ ਛੇ ਸਕਿੰਟਾਂ ਵਿੱਚ ਹੀ ਘਟਨਾ ਨੂੰ ਅੰਜ਼ਾਮ ਦੇ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਿੱਖ ਹਮੇਸ਼ਾ ਚੁਣੌਤੀਆਂ ਕਬੂਲ ਕਰਦੇ ਆਏ ਹਨ ਅਤੇ ਨਵੀਆਂ ਚੁਣੌਤੀਆਂ ਲਈ ਵੀ ਤਿਆਰ ਬਰ ਤਿਆਰ ਹਨ। ਉਨ੍ਹਾਂ ਨੇ ਸਿੱਖ ਸੰਪਰਦਾਵਾਂ, ਵਿਸ਼ੇਸ਼ ਕਰਕੇ ਵਿਦੇਸ਼ਾਂ ਦੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦਾ ਸਹਿਯੋਗ ਦੇਣ ਲਈ ਦਿੱਤੇ ਭਰੋਸੇ ਵਾਸਤੇ ਧੰਨਵਾਦ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਦੀ ਸਿੱਟ ਰਿਪੋਰਟ ਬਾਹਰ ਆਉਣ ਤੋਂ ਬਾਅਦ ਉਹ ਘਟਨਾ ਨਾਲ ਸਬੰਧਿਤ ਹੋਰ ਵੱਡੇ ਖੁਲਾਸੇ ਕਰਨਗੇ।