ਅੰਮ੍ਰਿਤਸਰ : ਸੌਧਾ ਸਾਧ ਜੋ ਕਿ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਹੈ, ਇਕ ਵਾਰ ਫਿਰ ਬਾਹਰ ਆ ਗਿਆ ਹੈ। ਉਸ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ। ਅੱਜ ਮੰਗਲਵਾਰ ਸਵੇਰੇ ਸਿਰਸਾ ਡੇਰੇ ਲਈ ਰਵਾਨਾ ਹੋਇਆ ਅਤੇ ਉੱਥੇ ਹੀ ਰਹੇਗਾ। ਇਸ ਫੈਸਲੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਲਈ ਕਾਨੂੰਨ ਵੱਖਰਾ ਅਤੇ ਗੁਰਮੀਤ ਰਾਮ ਰਹੀਮ ਲਈ ਵੱਖਰਾ ਕਾਨੂੰਨ ਕੰਮ ਕਰਦਾ ਹੈ। ਉਨ੍ਹਾਂ ਅਨੁਸਾਰ, ਸਿੱਖ ਕੈਦੀਆਂ ਨੂੰ ਪੈਰੋਲ ਦੀ ਸਹੂਲਤ ਨਹੀਂ ਮਿਲਦੀ, ਜਦਕਿ ਗੁਰਮੀਤ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੋਹਰੇ ਚਿਹਰੇ ਵਾਲਾ ਰਵੱਈਆ ਛੱਡੇ ਅਤੇ ਜੇਕਰ ਬੰਦੀ ਸਿੰਘਾਂ ਨੂੰ ਰਿਹਾਈ ਨਹੀਂ ਮਿਲਦੀ, ਤਾਂ ਇਹ ਸਿੱਧਾ ਧਾਰਮਿਕ ਭੇਦਭਾਵ ਹੈ।
ਇਸੇ ਤਰ੍ਹਾਂ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਨੇ ਵੀ ਇਸ ਪੈਰੋਲ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਗੁਰਮੀਤ ਨੂੰ 14ਵੀਂ ਵਾਰ ਪੈਰੋਲ ਮਿਲੀ ਹੈ, ਜਦਕਿ ਸਿੱਖ ਕੌਮ ਲਈ ਕੁਰਬਾਨੀਆਂ ਦੇਣ ਵਾਲੇ ਕੈਦੀਆਂ ਨੂੰ 14 ਘੰਟਿਆਂ ਦੀ ਵੀ ਪੈਰੋਲ ਨਹੀਂ ਮਿਲਦੀ।
ਸਿੱਖ ਕੈਦੀਆਂ ਨੂੰ ਪਰਿਵਾਰਕ ਮੌਕਿਆਂ ’ਤੇ ਵੀ ਸਿਰਫ਼ ਕੁਝ ਘੰਟਿਆਂ ਦੀ ਪੈਰੋਲ ਮਿਲਦੀ ਹੈ, ਜਦਕਿ ਗੁਰਮੀਤ ਨੂੰ ਜਨਮ ਦਿਨ ਮਨਾਉਣ ਲਈ 40 ਦਿਨ ਦੀ ਪੈਰੋਲ ਦਿੱਤੀ ਗਈ। ਇਸ ਨਾਲ ਸਿੱਖਾਂ ਵਿੱਚ ਇਹ ਭਾਵਨਾ ਪੈਦਾ ਹੁੰਦੀ ਹੈ ਕਿ ਸਰਕਾਰ ਅਤੇ ਕਾਨੂੰਨ ਦੇ ਦੋਹਰੇ ਮਾਪਦੰਡ ਹਨ। ਬਾਬਾ ਟੇਕ ਸਿੰਘ ਨੇ ਮੰਗ ਕੀਤੀ ਕਿ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਨੂੰ ਵੀ ਪੈਰੋਲ ਦੀ ਸਹੂਲਤ ਦਿੱਤੀ ਜਾਵੇ।
ਦੱਸ ਦੇਈਏ ਕਿ ਸੌਦਾ ਸਾਧ 14ਵੀਂ ਵਾਰ ਪੈਰੋਲ ’ਤੇ ਬਾਹਰ ਆਇਆ ਹੈ। ਸਵੇਰੇ 7 ਵਜੇ ਹਨੀਪ੍ਰੀਤ ਦੋ ਗੱਡੀਆਂ ਲੈ ਕੇ ਰੋਹਤਕ ਪਹੁੰਚੀ। ਦਰਅਸਲ ਸੌਦਾ ਸਾਧ ਦਾ ਜਨਮ ਦਿਨ 15 ਅਗਸਤ ਨੂੰ ਹੈ। ਦੱਸਿਆ ਜਾ ਰਿਹਾ ਹੈ ਕਿ ਸਿਰਸਾ ਡੇਰੇ ਵਿਚ ਰੱਖੜੀ ਤੋਂ ਬਾਅਦ ਜਨਮ ਦਿਨ ਮਨਾਇਆ ਜਾਵੇਗਾ।
ਸੌਦਾ ਸਾਧ ਨੂੰ ਜਬਰ ਜਨਾਹ ਅਤੇ ਜਾਨ ਲੈਣ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਹੁਣ 20 ਸਾਲ ਦੀ ਕੈਦ ਕੱਟ ਰਿਹਾ ਹੈ। 25 ਅਗਸਤ 2017 ਨੂੰ ਰਾਮ ਰਹੀਮ ਨੂੰ 2 ਸਾਧਵੀਆਂ ਦੇ ਜਿਣਸੀ ਸ਼ੋਸ਼ਣ ਮਾਮਲੇ ਵਿਚ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਇਸ ਤੋਂ ਬਾਅਦ 17 ਜਨਵਰੀ 2019 ਨੂੰ, ਉਸ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਜਾਨ ਲੈਣ ਵਾਲੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਦੇ ਨਾਲ ਹੀ, ਅਕਤੂਬਰ 2021 ਵਿਚ, ਸੀ.ਬੀ.ਆਈ. ਅਦਾਲਤ ਨੇ ਡੇਰਾ ਮੈਨੇਜਰ ਰਣਜੀਤ ਸਿੰਘ ਦੀ ਜਾਨ ਲੈਣ ਦੇ ਮਾਮਲੇ ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸਜ਼ਾ ਮਿਲਣ ਤੋਂ 3 ਸਾਲ ਬਾਅਦ ਸੌਦਾ ਸਾਧ ਨੂੰ ਹਾਈ ਕੋਰਟ ਨੇ ਇਸ ਮਾਮਲੇ ਵਿਚ ਬਰੀ ਕਰ ਦਿੱਤਾ ਸੀ। ਉਹ ਹੁਣ ਤੱਕ 13 ਵਾਰ ਪੈਰੋਲ ਅਤੇ ਫਰਲੋ ਲੈ ਕੇ ਬਾਹਰ ਆ ਚੁੱਕਾ ਹੈ।