The Khalas Tv Blog Punjab SGPC ਪ੍ਰਧਾਨ ਲੌਂਗੋਵਾਲ ਅਤੇ ਮਹਿਤਾ ਨੂੰ ਸਿੱਖ ਸੰਸਥਾ ਦੀ ਕੋਈ ਚੋਣ ਨਾ ਲੜਨ ਦਿੱਤੀ ਜਾਵੇ- ਸਿੱਖ ਜਥੇਬੰਦੀਆਂ
Punjab

SGPC ਪ੍ਰਧਾਨ ਲੌਂਗੋਵਾਲ ਅਤੇ ਮਹਿਤਾ ਨੂੰ ਸਿੱਖ ਸੰਸਥਾ ਦੀ ਕੋਈ ਚੋਣ ਨਾ ਲੜਨ ਦਿੱਤੀ ਜਾਵੇ- ਸਿੱਖ ਜਥੇਬੰਦੀਆਂ

‘ਦ ਖ਼ਾਲਸ ਬਿਊਰੋ:- 35 ਸਿੱਖ ਜਥੇਬੰਦੀਆਂ ਤੇ ਅਲਾਇੰਸ ਆਫ਼ ਸਿੱਖ ਆਰਗੇਨਾਈਜੇਸ਼ਨਜ਼ ਦੇ ਬੁਲਾਰੇ ਸੁਖਦੇਵ ਸਿੰਘ ਫਗਵਾੜਾ ਅਤੇ ਪਰਮਪਾਲ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਰਾਜਿੰਦਰ ਸਿੰਘ ਮਹਿਤਾ ਨੂੰ ਲਾਪਤਾ ਹੋਏ ਸਰੂਪਾਂ ਬਾਰੇ ਝੂਠ ਬੋਲਣ ਅਤੇ ਸਿੱਖ ਪੰਥ ਨੂੰ ਗੁੰਮਰਾਹ ਕਰਨ ਦੇ ਦੋਸ਼ਾਂ ਤਹਿਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕਰਨ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ SGPC ਪ੍ਰਧਾਨ ਲੌਂਗੋਵਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਦੋਸ਼ੀਆਂ ਖ਼ਿਲਾਫ਼ ਫ਼ੌਜਦਾਰੀ ਮੁਕੱਦਮੇ ਦਰਜ ਕਰਨ ਤੋਂ ਮੁੱਕਰ ਗਏ ਹਨ, ਜਿਸ ਤੋਂ ਸਪਸ਼ਟ ਹੋ ਗਿਆ ਹੈ ਕਿ ਉਹ ਸਾਰੇ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੇ ਹਨ।  ਸੁਖਦੇਵ ਸਿੰਘ ਫਗਵਾੜਾ ਅਤੇ ਪਰਮਪਾਲ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸਵਾਲ ਕੀਤਾ ਕਿ ਜੇ ਉਹ ਇਸ ਮਾਮਲੇ ਵਿੱਚ ਪੁਲਿਸ ਦੀ ਦਖਲਅੰਦਾਜ਼ੀ ਨਹੀਂ ਚਾਹੁੰਦੇ ਤਾਂ ਫਿਰ ਇਹ ਦੱਸਣ ਕਿ ਹਰ ਸਾਲ ਜੂਨ ਮਹੀਨੇ ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਦੌਰਾਨ ਸ਼੍ਰੋਮਣੀ ਕਮੇਟੀ ਦੀ ਮਰਜ਼ੀ ਤੋਂ ਬਿਨਾਂ ਹੀ ਦਰਬਾਰ ਸਾਹਿਬ ਪਰਿਕਰਮਾ ਵਿੱਚ ਪੁਲਿਸ ਤਾਇਨਾਤ ਕਰ ਕੇ ਨੌਜਵਾਨਾਂ ਦੀ ਆਵਾਜ਼ ਕਿਉਂ ਦੱਬੀ ਜਾਂਦੀ ਹੈ।

ਜੇ ਕੋਈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਦਾ ਹੈ ਤਾਂ ਦਰਬਾਰ ਸਾਹਿਬ ਪਰਿਕਰਮਾ ਵਿੱਚ ਤਾਇਨਾਤ ਪੁਲਿਸ ਮੁਲਾਜ਼ਮ ਉਸੇ ਵੇਲੇ ਉਸਨੂੰ ਕਿਉਂ ਗ੍ਰਿਫ਼ਤਾਰ ਕਰ ਲੈਂਦੇ ਹਨ।  ਉਨ੍ਹਾਂ ਪ੍ਰਧਾਨ ਲੌਂਗੋਵਾਲ ਨੂੰ ਸਵਾਲ ਕੀਤਾ ਕਿ ਹਰ ਵੇਲੇ ਦਰਬਾਰ ਸਾਹਿਬ ਦੀ ਪਰਿਕਰਮਾ ਅੰਦਰ ਸਿਵਲ ਵਰਦੀ ’ਚ ਘੁੰਮ ਰਹੇ ਪੁਲਿਸ ਮੁਲਾਜ਼ਮਾਂ ਦਾ ਪੂਰਾ ਕੰਟਰੋਲ ਹੁੰਦਾ ਹੈ, ਕੀ ਉਸ ਵੇਲੇ ਪੁਲਿਸ ਦੀ ਦਖ਼ਲਅੰਦਾਜ਼ੀ ਉਨ੍ਹਾਂ ਦੀ ਸਹਿਮਤੀ ਨਾਲ ਹੁੰਦੀ ਹੈ।

ਇਨ੍ਹਾਂ ਦੋਹਾਂ ਆਗੂਆਂ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਵੱਲੋਂ ਰਾਜਿੰਦਰ ਸਿੰਘ ਮਹਿਤਾ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਦਾਅਵਾ ਕੀਤਾ ਸੀ ਕਿ ਅੱਗ ਲੱਗਣ ਵਾਲੇ ਦਿਨ ਸਿਰਫ 14 ਸਰੂਪ ਹੀ ਨੁਕਸਾਨੇ ਗਏ ਸਨ ਜਦਕਿ ਫਰਵਰੀ 2020 ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਫ਼ਿਸ ਨੋਟ ਤੋਂ ਇਹ ਗੱਲ ਸਾਬਤ ਹੋ ਗਈ ਕਿ ਉਸ ਦਿਨ 80 ਦੇ ਕਰੀਬ ਗੁਰੂ ਸਾਹਿਬ ਦੇ ਪਾਵਨ ਸਰੂਪ ਨੁਕਸਾਨੇ ਗਏ ਸਨ। ਉਨ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਅਪੀਲ ਵੀ ਕੀਤੀ ਕਿ ਭਾਈ ਲੌਂਗੋਵਾਲ ਤੇ ਮਹਿਤਾ ਸਮੇਤ ਸਾਰੇ ਦੋਸ਼ੀਆਂ ’ਤੇ ਕਿਸੇ ਵੀ ਸਿੱਖ ਸੰਸਥਾ ਦੀ ਚੋਣ ਲੜਨ ’ਤੇ ਪਾਬੰਦੀ ਲਾਈ ਜਾਵੇ।

Exit mobile version