Punjab

ਕੌਮੀ ਇਨਸਾਫ਼ ਮੋਰਚੇ ਨੇ ਜਨਤਕ ਤੌਰ ‘ਤੇ SGPC ਪ੍ਰਧਾਨ ਧਾਮੀ ਨੂੰ ਦਿੱਤਾ ਸੀ ਸੱਦਾ ! ਅਕਾਲੀ ਦਲ ਨੇ ਸੱਦੇ ਵਾਲਾ ਵੀਡੀਓ ਕੀਤਾ ਜਾਰੀ

sgpc president attack issue

ਬਿਊਰੋ ਰਿਪੋਰਟ : ਮੋਹਾਲੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲੱਗੇ ਕੌਮੀ ਇਨਸਾਫ ਮੋਰਚੇ ਵਿੱਚ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ‘ਤੇ ਹੋਏ ਹਮਲੇ ਨੂੰ ਲੈਕੇ ਹੁਣ ਅਕਾਲੀ ਦਲ ਨੇ ਇੱਕ ਵੀਡੀਓ ਜਾਰੀ ਕੀਤਾ ਹੈ। ਮੋਰਚੇ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਪ੍ਰਧਾਨ ਧਾਮੀ ਨੂੰ ਆਉਣ ਦਾ ਸੱਦਾ ਨਹੀਂ ਦਿੱਤਾ ਗਿਆ ਸੀ । ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਹ ਮੋਰਚੇ ਦਾ ਹਿੱਸਾ ਨਾ ਬਣਨ । ਜਿਸ ਦੇ ਜਵਾਬ ਵਿੱਚ ਅਕਾਲੀ ਦਲ ਵੱਲੋਂ ਜਨਤਕ ਤੌਰ ‘ਤੇ SGPC ਦੇ ਪ੍ਰਧਾਨ ਨੂੰ ਕੌਮੀ ਇਨਸਾਫ ਮੋਰਚੇ ਵਿੱਚ ਆਉਣ ਦਾ ਸੱਦਾ ਦੇਣ ਦਾ ਵੀਡੀਓ ਜਾਰੀ ਕੀਤਾ ਹੈ ।

ਅਕਾਲੀ ਦਲ ਦੇ ਸੀਨੀਅਰ ਮੈਂਬਰ ਦਲਜੀਤ ਸਿੰਘ ਚੀਮਾ ਨੇ ਆਪਣੇ ਟਵਿਟਰ ਹੈਂਡਲ ਤੋਂ ਮੋਰਚੇ ਦੇ ਆਗੂ ਬਲਵਿੰਦਰ ਸਿੰਘ ਦਾ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਮੈਂ SGPC ਦੇ ਪ੍ਰਧਾਨ ਨੂੰ ਅਪੀਲ ਕਰਦਾ ਹਾਂ ਕਿ ਉਹ ਸਾਡੇ ਨਾਲ ਮੋਰਚੇ ਦਾ ਹਿੱਸਾ ਬਣਨ,ਸਿਰਫ਼ ਫਾਰਮ ਭਰਨ ਨਾਲ ਅਤੇ ਹਸਤਾਖਰ ਕਰਵਾਉਣ ਨਾਲ ਕੁਝ ਨਹੀਂ ਹੋਵੇਗਾ। ਤੁਹਾਨੂੰ ਚਾਹੀਦਾ ਹੈ ਇੱਥੇ ਆਉ ਅਸੀਂ ਤੁਹਾਡੇ ਲਈ ਮੋਰਚੇ ਵਿੱਚ ਹੀ ਫਾਰਮ ਦਾ ਪ੍ਰਬੰਧ ਕਰਵਾ ਦਿੰਦੇ ਹਾਂ। ਇਸ ਦੇ ਨਾਲ ਦਲਜੀਤ ਸਿੰਘ ਚੀਮਾ ਨੇ ਮੋਰਚੇ ਦੇ ਆਗੂ ਦਾ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਧਾਮੀ ਨੂੰ ਮੋਰਚੇ ਦੇ ਲਈ ਨਹੀਂ ਸੱਦਿਆ ਗਿਆ ਸੀ ।

ਦਲਜੀਤ ਸਿੰਘ ਚੀਮਾ ਦਾ ਟਵੀਟ

ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਟਵੀਟ ਕਰਦੇ ਹੋਏ ਲਿਖਿਆ ‘ਸ਼ੋਸ਼ਲ ਮੀਡੀਆ ਵਿੱਚ ਚੱਲ ਰਹੀ ਇਹ ਵੀਡੀਉ ਕਲਿੱਪ ਇਸ ਗੱਲ ਦਾ ਪੁਖ਼ਤਾ ਸਬੂਤ ਹੈ ਕਿ ਸ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਨੂੰ ਜਨਤਕ ਤੌਰ ਤੇ ਵੀ ਕੌਮੀ ਇਨਸਾਫ ਮੋਰਚੇ ਦੀ ਸਟੇਜ ਤੋਂ ਸੱਦਾ ਭੇਜਿਆ ਗਿਆ ਸੀ। ਫਿਰ ਉਹਨਾਂ ਉੱਪਰ ਹਮਲਾ ਕਰਨਾ ਬੇਹੱਦ ਮੰਦਭਾਗਾ ਹੈ। ਮੋਰਚਾ ਪ੍ਰਬੰਧਕਾਂ ਨੂੰ ਇਸ ਗੱਲ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।