ਬਿਊਰੋ ਰਿਪੋਰਟ : SGPC ਦੀਆਂ ਚੋਣਾਂ ਨੂੰ ਲੈਕੇ ਹਲਚਲ ਤੇਜ਼ ਹੋਣ ਤੋਂ ਬਾਅਦ ਹੁਣ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਇੱਕ ਵਫਦ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਿਆ। ਮੁਲਾਕਾਤ ਗ੍ਰਹਿ ਮੰਤਰੀ ਦੇ ਦਫਤਰ ਵਿੱਚ ਹੋਈ । ਵਫਦ ਨੇ ਗ੍ਰਹਿ ਮੰਤਰੀ ਨੂੰ ਮੰਗ ਪੱਤਰ ਸੌਪਿਆ ਹੈ,ਹਾਲਾਂਕਿ ਹੁਣ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਕਿਹੜੇ ਮੁੱਦਿਆਂ ‘ਤੇ ਗੱਲਬਾਤ ਹੋਈ ਹੈ । ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਇਨ੍ਹਾਂ ਜ਼ਰੂਰ ਦੱਸਿਆ ਹੈ ਉਨ੍ਹਾਂ ਵੱਲੋਂ ਮੌਜੂਦਾ SGPC ਦੀਆਂ ਚੋਣਾਂ ਦੌਰਾਨ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 8 ਹਲਕਿਆਂ ਦਾ ਮੁੱਦਾ ਚੁੱਕਿਆ ਹੈ। ਉੱਥੇ ਵੋਟਿੰਗ ਲਿਸਟ ਕਿਵੇਂ ਤਿਆਰ ਕੀਤੀ ਜਾਵੇਗੀ ਇਸ ਬਾਰੇ ਗੱਲਬਾਤ ਹੋਈ ਹੈ । ਇਸ ਤੋਂ ਇਲਾਵਾ ਬੰਦੀ ਸਿੰਘਾਂ ਦਾ ਮੁੱਦਾ ਵੀ ਸਿੱਧਾ ਕੇਂਦਰ ਨਾਲ ਜੁੜਿਆ ਹੈ ਉਸ ਮੁੱਦੇ ‘ਤੇ ਕੇਂਦਰ ਨੂੰ ਜਲਦ ਤੋਂ ਜਲਦ ਫੈਸਲਾ ਲੈਣ ਦੀ ਅਪੀਲ ਕੀਤੀ ਗਈ ਹੈ। ਦੇਸ਼ ਦੇ ਹੋਰ ਗੁਰਦੁਆਰਿਆਂ ਦਾ ਕੰਟਰੋਲ SGPC ਅਧੀਨ ਕਰਨ ਦੀ ਵੀ ਮੰਗ ਰੱਖੀ ਗਈ ਹੈ ।
ਅਕਾਲੀ ਦਲ ਵਾਰ-ਵਾਰ SGPC ਐਕਟ ਵਿੱਚ ਸੋਧ ਕਰਕੇ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਦੀ ਮੰਗ ਕਰਦਾ ਰਿਹਾ ਹੈ, ਇਸ ਵੇਲੇ ਪੰਜਾਬ ਤੋਂ ਵੱਖ 2 ਤਖ਼ਤਾਂ ‘ਤੇ SGPC ਦਾ ਕੰਟਰੋਲ ਨਹੀਂ ਹੈ। ਤਖਤ ਹਜ਼ੂਰ ਸਾਹਿਬ ਨਾਂਦੇੜ ਕਮੇਟੀ ਨੂੰ ਚਲਾਉਣ ਦੇ ਲਈ ਬੋਰਡ ਦਾ ਗਠਨ ਕੀਤਾ ਜਾਂਦਾ ਹੈ, ਬੋਰਡ ਦੇ ਮੈਂਬਰਾਂ ਦੀ ਨਿਯੁਕਤੀ ਮਹਾਰਾਸ਼ਟਰਾ ਸਰਕਾਰ ਵੱਲੋਂ ਕੀਤੀ ਜਾਂਦੀ ਹੈ, ਇਸ ਵਿੱਚ SGPC ਦਾ ਕੋਈ ਦਖਲ ਨਹੀਂ ਹੁੰਦਾ ਹੈ ਜਦਕਿ ਤਖਤ ਪਟਨਾ ਸਾਹਿਬ ਵਿੱਚ ਵੱਖ ਤੋਂ ਕਮੇਟੀ ਇਤਿਹਾਸਕ ਗੁਰਧਾਮਾਂ ਦੀ ਸੰਭਾਲ ਕਰਦੀ ਹੈ ।