‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਐਮਰਜੈਂਸੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਸੰਗਤ ਨੂੰ ਸਾਰੀ ਜਾਣਕਾਰੀ ਦਿੱਤੀ। ਧਾਮੀ ਨੇ ਕਿਹਾ ਕਿ ਸਿੱਖ ਜਗਤ ਵੱਲੋਂ ਬੜੇ ਲੰਮੇ ਸਮੇਂ ਤੋਂ ਤਖ਼ਤਾਂ ਦੇ ਪੱਕੇ ਜਥੇਦਾਰ ਨਿਯੁਕਤ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਬੋਲਦਿਆਂ ਧਾਮੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਨੇ ਸ਼ਲਾਘਾਯੋਗ ਕੰਮ ਕੀਤਾ ਹੈ, ਦਰਪੇਸ਼ ਮੁਸ਼ਕਿਲਾਂ ਦੇ ਚੱਲਦਿਆਂ ਉਨ੍ਹਾਂ ਨੇ ਸਿੱਖ ਕੌਮ ਦੀ ਅਗਵਾਈ ਵੀ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਸਵੈ ਇੱਛਾ ਨਾਲ ਪਹਿਲ ਕੀਤੀ ਹੈ ਕਿ ਉਹ ਤਖ਼ਤ ਸ਼੍ਰੀ ਦਮਦਮਾ ਸਾਹਿਬ ਜੀ ਦੀਆਂ ਸੇਵਾਵਾਂ ਨਿਭਾਉਂਦੇ ਰਹਿਣਗੇ ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਲਈ ਨਵਾਂ ਸਥਾਈ ਜਥੇਦਾਰ ਨਿਯੁਕਤ ਕੀਤਾ ਜਾਵੇ। ਇਸ ਲਈ ਉਨ੍ਹਾਂ ਦੀ ਤਾਰੀਫ ਕਰਨੀ ਬਣਦੀ ਹੈ ਕਿਉਂਕਿ ਅਹੁਦੇ ਛੱਡਣੇ ਸੌਖੇ ਨਹੀਂ ਹੁੰਦੇ। ਇਸ ਕਰਕੇ ਅੱਜ ਅਸੀਂ ਇਹ ਫੈਸਲਾ ਕੀਤਾ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤਖ਼ਤ ਸ਼੍ਰੀ ਦਮਦਮਾ ਸਾਹਿਬ ਜੀ ਦੀਆਂ ਸੇਵਾਵਾਂ ਉਸੇ ਤਰ੍ਹਾਂ ਹੀ ਜਾਰੀ ਰੱਖਣਗੇ ਅਤੇ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀਆਂ ਸੇਵਾਵਾਂ ਜਥੇਦਾਰ ਗਿਆਨੀ ਰਘਬੀਰ ਸਿੰਘ ਨਿਭਾਉਣਗੇ ਅਤੇ ਉਨ੍ਹਾਂ ਦੀ ਜਗ੍ਹਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੀਆਂ ਸੇਵਾਵਾਂ ਗਿਆਨੀ ਸੁਲਤਾਨ ਸਿੰਘ ਜੀ ਨਿਭਾਉਣਗੇ, ਜੋ ਕਿ ਗ੍ਰੰਥੀ ਸਿੰਘ ਹਨ।
ਗਿਆਨੀ ਰਘਬੀਰ ਸਿੰਘ ਨੂੰ ਸੌਂਪਿਆ ਮੁੱਖ ਗ੍ਰੰਥੀ ਐਡੀਸ਼ਨਲ ਚਾਰਜ
ਧਾਮੀ ਨੇ ਇੱਕ ਹੋਰ ਐਲਾਨ ਕਰਦਿਆਂ ਕਿਹਾ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਗ੍ਰੰਥੀ ਸਾਹਿਬਾਨ ਥੋੜੇ ਹੋਣ ਕਰਕੇ ਗਿਆਨੀ ਰਘਬੀਰ ਸਿੰਘ ਨੂੰ ਮੁੱਖ ਗ੍ਰੰਥੀ ਦਾ ਐਡੀਸ਼ਨਲ ਚਾਰਜ ਵੀ ਸੌਂਪਿਆ ਗਿਆ ਹੈ। ਗਿਆਨੀ ਸੁਲਤਾਨ ਸਿੰਘ ਨੂੰ ਵੀ ਸ਼੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਗ੍ਰੰਥੀ ਦੇ ਤੌਰ ‘ਤੇ ਚਾਰਜ ਦਿੱਤਾ ਗਿਆ ਹੈ।
ਮੀਡੀਆ ਨੂੰ ਧਾਮੀ ਦੀ ਅਪੀਲ
ਧਾਮੀ ਨੇ ਪੱਤਰਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੀਡੀਆ ਖ਼ਾਸ ਕਰਕੇ ‘ਲਾਹਿਆ’ ਸ਼ਬਦ ਦੀ ਵਰਤੋਂ ਨਾ ਕਰੇ ਕਿ ਜਥੇਦਾਰ ਹਰਪ੍ਰੀਤ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਲਾਹਿਆ ਗਿਆ ਹੈ। ਉਨ੍ਹਾਂ ਨੇ ਸਵੈ ਇੱਛਾ ਦੇ ਨਾਲ ਅਹੁਦਾ ਛੱਡਣ ਦਾ ਐਲਾਨ ਕੀਤਾ ਹੈ।