ਅੰਮ੍ਰਿਤਸਰ : ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ ਟਕਰਾਅ ਵਧਦਾ ਜਾ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਨ ਬਾਰੇ ਵਿਧਾਨ ਸਭਾ ਵਿੱਚ ਸੋਧ ਬਿੱਲ ਪਾਸ ਕਰਨ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉੱਤੇ ਤੰਜ ਕੱਸਿਆ ਸੀ। ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਲ੍ਹ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਦਿੱਤੇ ਗਏ ਬਿਆਨ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਵਾਬ ਦਿੱਤਾ ਹੈ।
ਧਾਮੀ ਨੇ ਟਵੀਟ ਕਰਦਿਆਂ ਕਿਹਾ ਕਿ ਭਗਵੰਤ ਮਾਨ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਜੁਝਾਰੂ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਹਾਂ। ਤੁਸੀਂ ਐਨਾ ਡਰੇ ਹੋ ਕਿ ਤੁਹਾਨੂੰ ਪੰਜਾਬ ਦੇ ਵਿਕਾਸ ਦੀ ਥਾਂ ਪੰਥ ਦੇ ਸਿਪਾਹੀ ਦਾ ਫ਼ਿਕਰ ਜ਼ਿਆਦਾ ਹੈ। ਉਨ੍ਹਾਂ ਨੇ ਕਿਹਾ ਕਿ ਪਰ ਮੈਂ ਤੁਹਾਨੂੰ ਇਹ ਨਹੀਂ ਪੁੱਛਾਂਗਾ ਕਿ ਤੁਸੀਂ ਪੰਜਾਬੀਆਂ ਦੇ ਪੈਸੇ ‘ਤੇ ਉੱਡਦੇ ਹੈਲੀਕਾਪਟਰ ‘ਤੇ ਦਿੱਲੀ ਨੂੰ ਕਿਉਂ ਜਾਂਦੇ ਹੋ।
.@BhagwantMann ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਜੁਝਾਰੂ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਹਾਂ।ਤੁਸੀਂ ਐਨਾਂ ਡਰੇ ਹੋ ਕਿ ਤੁਹਾਨੂੰ ਪੰਜਾਬ ਦੇ ਵਿਕਾਸ ਦੀ ਥਾਂ ਪੰਥ ਦੇ ਸਿਪਾਹੀ ਦਾ ਫਿਕਰ ਜਿਆਦਾ ਹੈ।ਪਰ ਮੈਂ ਤੁਹਾਨੂੰ ਇਹ ਨਹੀਂ ਪੁੱਛਾਂਗਾ ਕਿ ਤੁਸੀਂ ਪੰਜਾਬੀਆਂ ਦੇ ਪੈਸੇ 'ਤੇ ਉੱਡਦੇ ਹੈਲੀਕਾਪਟਰ 'ਤੇ ਦਿੱਲੀ ਨੂੰ ਕਿਉਂ ਜਾਂਦੇ ਹੋ।
— Harjinder Singh Dhami (@SGPCPresident) June 25, 2023
ਦੱਸ ਦੇਈਏ ਕਿ ਲੰਘੇ ਕੱਲ੍ਹ ਪੰਜਾਬ ਸਰਕਾਰ ਵੱਲੋਂ ਦਰਬਾਰ ਸਾਹਿਬ ਤੋਂ ਮੁਫ਼ਤ ਗੁਰਬਾਣੀ ਪ੍ਰਸਾਰਨ ਕਰਨ ਨੂੰ ਲੈ ਕੇ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਗਿਆ ਸੀ। ਇਸ ਤੋਂ ਬਾਅਦ ਐਸਜੀਪੀਸੀ ਵੱਲੋਂ ਸਰਕਾਰ ਦੇ ਫ਼ੈਸਲਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਐਸਜੀਪੀਸੀ ਵੱਲੋਂ ਭਲਕੇ ਇਸ ਸਬੰਧੀ ਮੀਟਿੰਗ ਬੁਲਾਈ ਗਈ ਹੈ। ਇਸ ਮੀਟਿੰਗ ਤੋਂ ਇਕ ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਵਿਖੇ ਮੀਟਿੰਗ ਹੋ ਰਹੀ ਹੈ, ਜਿਸ ਵਿੱਚ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਸ਼ਾਮਲ ਹੋਏ ਸਨ। ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਵੱਡੀ ਟਿੱਪਣੀ ਕੀਤੀ ਸੀ।
ਮਾਨ ਨੇ ਟਵੀਟ ਕਰਦਿਆਂ ਕਿਹਾ ਸੀ ਕਿ SGPC ਦੇ ਪ੍ਰਧਾਨ ਸਾਹਬ ਕੱਲ ਹੋਣ ਵਾਲੇ ਇਜਲਾਸ ਲਈ ਚੰਡੀਗੜ੍ਹ ਵਿਖੇ ਅਕਾਲੀ ਦਲ ਦੇ ਮੁੱਖ ਦਫ਼ਤਰ ’ਚ ਤਲਬ.. ਮਲੂਕਾ, ਚੰਦੁਮਾਜਰਾ, ਭੂੰਦੜ, ਚੀਮਾ ਅਤੇ ਗਾਬੜੀਆ ਓਥੇ ਮੌਜੂਦ..ਬੰਦ ਕਮਰਾ ਮੀਟਿੰਗ ਜਾਰੀ.. ਬਾਦਲ ਪਰਿਵਾਰ ਦੁਆਰਾ ਕਰਿਆ ਕਰਾਇਆ ਤੇ ਲਿਖਿਆ ਲਿਖਾਇਆ ਫ਼ੈਸਲਾ ਅੱਜ ਹੀ ਲੈ ਜਾਣਗੇ ਪ੍ਰਧਾਨ ਜੀ ਕੱਲ੍ਹ ਸਿਰਫ਼ ਪੜ੍ਹ ਕੇ ਸੁਣਾਇਆ ਜਾਵੇਗਾ। ਜਿਸ ਤੋਂ ਬਾਅਦ SGPC ਪ੍ਰਧਾਨ ਨੇ ਮੁੱਲ਼ ਮੰਤਰੀ ਦੇ ਇਸ ਬਿਆਨ ‘ਤੇ ਪਲਟਵਾਰ ਕੀਤਾ ਹੈ।