ਬਿਉਰੋ ਰਿਪੋਰਟ: ਸ੍ਰੀ ਗੋਇੰਦਵਾਲ ਸਾਹਿਬ ਵਿਖੇ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ-ਜੋਤਿ ਦਿਵਸ ਦੀ ਸ਼ਤਾਬਦੀ ਮੌਕੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਈ ਪੰਥਕ ਮੁੱਦਿਆਂ ’ਤੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਘੇਰਿਆ ਅਤੇ ਪਟਨਾ ਸਾਹਿਬ ਅਤੇ ਤਖ਼ਤ ਹਜ਼ੂਰ ਸਾਹਿਬ ਦੇ ਜਥੇਦਾਰ ਨੂੰ ਖ਼ਾਸ ਬੇਨਤੀ ਕੀਤੀ।
ਪ੍ਰਧਾਨ ਧਾਮੀ ਨੇ ਕਿਹਾ ਇਸ ਇਤਿਹਾਸਿਕ ਮੌਕੇ ਮਾਨ ਸਰਕਾਰ ਨੇ ਆਪਣੇ ਵੱਲੋਂ ਕੋਈ ਸਮਾਗਮ ਤੱਕ ਨਹੀਂ ਰੱਖਿਆ ਜਦਕਿ ਇਸ ਤੋਂ ਪਹਿਲਾਂ ਸੂਬੇ ਵਿੱਚ ਜਿਹੜੀ ਵੀ ਪਾਰਟੀ ਦੀ ਸਰਕਾਰ ਰਹੀ ਉਸ ਨੇ ਗੁਰੂ ਸਾਹਿਬਾਨਾਂ ਦੀ ਸ਼ਤਾਬਦੀਆਂ ਮਨਾਈਆਂ ਤੇ ਛੁੱਟੀ ਦਾ ਐਲਾਨ ਕੀਤਾ। ਅਜਿਹੇ ਵਿੱਚ ਮੌਜੂਦਾ ਸਰਕਾਰ ਨੂੰ ਪੰਜਾਬ ਦੀ ਧਰਤੀ ’ਤੇ ਰਾਜ ਕਰਨ ਦਾ ਕੋਈ ਅਧਿਕਾਰ ਨਹੀਂ ਹੈ।
ਇਸ ਤੋਂ ਇਲਾਵਾ ਪ੍ਰਧਾਨ ਧਾਮੀ ਨੇ ਤਖ਼ਤ ਪਟਨਾ ਸਾਹਿਬ ਅਤੇ ਤਖਤ ਹਜ਼ੂਰ ਸਾਹਿਬ ਦੇ ਜੱਥੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਸਰੋਪੇ ਦੀ ਮਰਿਆਦਾ ਦਾ ਖਿਆਲ ਰੱਖਣ। ਉਨ੍ਹਾਂ ਬਿਨਾਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਨਾਂ ਲਏ ਕਿਹਾ ਕਿ ਜਿਨ੍ਹਾਂ ਨੇ ਸਿੱਖਾਂ ਦੀਆਂ ਨਸਲਾਂ ਖ਼ਤਮ ਕੀਤੀਆਂ ਉਨ੍ਹਾਂ ਨੂੰ ਤਖ਼ਤ ਸਾਹਿਬ ਤੋਂ ਸਰੋਪੇ ਦਿੱਤੇ ਗਏ। ਤਖਤ ਪਟਨਾ ਸਾਹਿਬ ਵਿੱਚ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੀ ਫੇਰੀ ਦੌਰਾਨ ਕੀਰਤਨੀ ਸਿੰਘਾਂ ਨਾਲ ਹੋਈ ਬਦਸਲੂਕੀ ਦਾ ਵੀ ਉਨ੍ਹਾਂ ਨੇ ਜ਼ਿਕਰ ਕੀਤਾ ਅਤੇ ਅਪੀਲ ਕੀਤੀ ਕਿ ਤਖ਼ਤ ਸਾਹਿਬ ਤੇ ਮਰਿਆਦਾ ਦਾ ਪਾਲਣ ਹੋਣਾ ਚਾਹੀਦਾ ਹੈ।
SGPC ਪ੍ਰਧਾਨ ਨੇ ਕਿਹਾ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਸਿੱਖਾਂ ਦੀ ਪੱਗ ਅਤੇ ਕੜੇ ਦਾ ਜ਼ਿਕਰ ਕੀਤਾ ਹੈ ਅਸੀਂ ਉਨ੍ਹਾਂ ਦੇ ਮੁਰੀਦ ਨਹੀਂ ਹਾਂ ਕਿਉਂਕਿ ਉਨ੍ਹਾਂ ਨੇ ਵੀ ਸਿੱਖਾਂ ਤੇ ਜ਼ੁਲਮ ਢਾਏ ਹਨ ਪਰ ਇਹ ਵੀ ਸੱਚ ਹੈ ਕਿ ਕਿਸ ਤਰ੍ਹਾਂ ਨਾਲ ਬੀਜੇਪੀ ਦੇ ਰਾਜ ਵਿੱਚ ਵਿਦਿਆਰਥੀਆਂ ਦੇ ਕੜੇ ਅਤੇ ਪੱਗਾਂ ਉਤਾਰੀਆਂ ਗਈਆਂ ਹਨ, ਪਰ ਅਸੀਂ ਹੁਣ ਵੀ ਚੁੱਪ ਹਾਂ।
ਪ੍ਰਧਾਨ ਧਾਮੀ ਨੇ ਬੰਦੀ ਸਿੰਘਾਂ ਦਾ ਮੁੱਦਾ ਚੁੱਕਿਆ ਖ਼ਾਸ ਤੌਰ ਤੇ ਬਲਵੰਤ ਸਿੰਘ ਰਾਜੌਆਣਾ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ 3 ਸਾਲ ਹੋ ਗਏ ਹਨ ਪਰ ਰਾਜੋਆਣਾ ਦੀ ਪਟੀਸ਼ਨ ’ਤੇ ਕੋਈ ਫੈਸਲਾ ਨਹੀਂ ਹੋਇਆ ਹੈ।
ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕੰਗਨਾ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਅੱਤਵਾਦੀ ਕਹਿਣ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਅੱਜ ਸਾਡੀਆਂ ਜਥੇਬੰਦੀਆਂ ਇਸ ਮੁੱਦੇ ’ਤੇ ਵੀ ਚੁੱਪ ਕਰਕੇ ਬੈਠੀਆਂ ਹਨ।